Saturday, September 19, 2020

ਪਿੰਜਰ ਦੀ ਕੈਦ


ਇਹ ਹੱਡ ਮਾਸ ਦਾ ਪਿੰਜਰ
ਆਜ਼ਾਦ ਹੈ
ਪਰ ਇਸ ਪਿੰਜਰ ਦੀ ਜੂਨ 
ਮੇਰੀ ਹੋਂਦ ਕੈਦ ਹੈ 

ਮੇਰੀ ਹੋਂਦ ਅਕਸਰ 
ਵਾਜਾਂ ਮਾਰਦੀ ਹੈ
ਪਰ ਇਸ ਸੰਨਾਟੇ ਦੀ ਛਾਵੇਂ   
ਮੇਰੀ ਜ਼ਬਾਨ ਕੈਦ ਹੈ 

ਇਸ ਜ਼ਬਾਨ ਦੇ ਅੱਖਰਾਂ ਨਾਲ 
ਭਰੀ ਇਹ ਰਾਤ ਹੈ 
ਪਰ ਇਸ ਹਨੇਰੇ ਦੇ ਸਾਏ ਵਿਚ   
ਮੇਰੀ ਉੱਮੀਦ ਕੈਦ ਹੈ 
 
ਇਸ ਉੱਮੀਦ ਦਾ ਕਦੋਂ ਤੀਕਣ 
ਸਾਡਾ ਸਾਥ ਹੈ 
ਇਸ ਸਵਾਲ ਦੇ ਜਵਾਬ ਵਿੱਚ 
ਮੇਰੀ ਰੂਹ ਕੈਦ ਹੈ 

Tuesday, September 8, 2020

ਅੱਜ ਰਾਤ

ਪੰਜੇ ਉਂਗਲਾਂ ਦੇ ਪੋਟੇ ਵੱਡ ਕੇ 
ਲਕੀਰਾਂ ਲਹੂ ਦੀਆਂ ਲਈਆਂ ਵਾਹ
ਇਕੱਲਾ ਮੈਂ ਭਾਵੇਂ ਇਸ ਰਾਤ ਵਿੱਚ
ਤਨਹਾਈ ਪਰ ਲਈ ਗੁਆਹ 
ਅੱਜ ਰਾਤ ਮੈਂ ਰੋਵਣਾ 
ਅੱਥਰੂ ਨੇ ਲੈਣੇ ਵਹਾ

ਪਹਿਲਾ ਪਿਆਲਾ ਤੇਰੇ ਨਾਂ 
ਜੋ ਜਾਂਦਾ ਜਾਂਦਾ ਮੈਨੂੰ ਛੱਡ ਗਿਆ
ਦੂਜਾ ਪਿਆਲਾ ਮੇਰੇ ਨਾਂ 
ਜੋ ਰਹਿੰਦਾ ਰਹਿੰਦਾ ਰੁਲ ਗਿਆ 
ਇਕ ਹੋਰ ਪਿਆਲਾ ਉਸ ਇਸ਼ਕ ਦੇ ਨਾਂ 
ਜੋ ਸਹਿੰਦਾ ਸਹਿੰਦਾ ਸਹਾਰ ਗਿਆ 

ਤੇ ਇਕ ਆਖਰੀ ਪਿਆਲਾ ਉਸ ਰੱਬ ਦੇ ਨਾਂ 
ਜਿਸ ਭਾਂਤ ਭਾਂਤ ਜੱਗ ਆਨਿਆ  
ਜੋ ਇਹ ਮੰਜ਼ਰ ਸਾਰ ਵਿਸਾਰ ਗਿਆ

Monday, September 18, 2017

ਟਾਪੂ

ਕੋਈ ਬੰਦਾ ਆਪਣੇ ਆਪ ਵਿੱਚ ਇੱਕ ਪੂਰਾ ਟਾਪੂ ਨਹੀਂ ਹੁੰਦਾ; ਹਰ ਬੰਦਾ
ਇੱਕ ਟੋਟਾ ਹੈ ਮਹਾਦਵੀਪ ਦਾ, ਇੱਕ ਭਾਗ ਹੈ ਮੁੱਖ ਦਾ;
ਜੇ ਰੇਤ ਦਾ ਇੱਕ ਟੀਲਾ ਵਹਿ ਜਾਵੇ ਸਮੁੰਦਰ 'ਚ, ਯੂਰਪ
ਘੱਟ ਹੋ ਜਾਂਦਾ ਹੈ, ਜਿਵੇਂ ਕਿ ਉਹ ਇਕ ਪ੍ਰਾਏਦੀਪ ਹੋਵੇ, ਜਿਵੇਂ
ਕੋਈ ਹਵੇਲੀ, ਤੁਹਾਡੇ ਯਾਰਾਂ ਦੋਸਤਾਂ ਦੀ ਜਾਂ ਤੁਹਾਡੀ
ਆਪਣੀ ਹੋਵੇ; ਕਿਸੇ ਵੀ ਬੰਦੇ ਦੀ ਮੌਤ ਮੈਨੂੰ ਛੋਟਾ ਕਰ ਦਿੰਦੀ ਹੈ,
ਕਿਉਂ ਜੋ ਮੈਂ ਮਨੁੱਖਜਾਤੀ ਵਿੱਚ ਰਲਿਆ ਹਾਂ।
ਅਤੇ ਇਸ ਲਈ ਕਦੇ ਨਹੀਂ ਪੁੱਛਣ ਜਾਂਦਾ ਕੇ ਕਿਸ ਲਈ
ਅਖ਼ੀਰਲਾ ਘੰਟਾ ਖੜਕ ਰਿਹਾ ਹੈ; ਉਹ ਤੁਹਾਡੇ ਲਈ ਹੀ ਖੜਕਦਾ ਹੈ।
- ਜੌਨ ਡੰਨ 

No man is an island entire of itself; every man
is a piece of the continent, a part of the main;
if a clod be washed away by the sea, Europe
is the less, as well as if a promontory were, as
well as any manor of thy friends or of thine
own were; any man's death diminishes me,
because I am involved in mankind.
And therefore never send to know for whom
the bell tolls; it tolls for thee.
- John Donne

Friday, January 27, 2017

ਸ਼ਬਦਾਂ ਦਾ ਬੋਝ

ਕਈ ਵਾਰ ਸੋਚਦਾ ਹਾਂ ਕਿ ਜ਼ਿੰਦਗੀ ਦੇ ਕਿਹੜੇ ਪੜਾਵ ਤੇ ਆਕੇ ਆਪਣੀ ਮਾਂ ਬੋਲੀ ਵਿਚ ਲਿਖਣਾ ਮਸ਼ੱਦਦ ਦਾ ਕੰਮ ਹੋ ਗਿਆ?

ਜਦ ਅੰਗਰੇਜ਼ੀ ਵਿੱਚ ਅਨਾਪ ਸ਼ਨਾਪ ਬਕਵਾਸ ਕਰਨੀ ਹੁੰਦੀ ਏ ਤਾਂ ਉਂਗਲੀਆਂ ਧੜਾਧੜ ਚਲਦਿਆਂ ਹਨ। ਕੀ ਇਹ ਸਿਰਫ ਇਸ ਚੀਜ਼ ਦਾ ਨਤੀਜਾ ਹੈ ਕੇ  ਤਕਰੀਬਨ ਪਿੱਛਲੇ 13 ਸਾਲਾਂ ਤੋਂ ਮੈਂ ਪਹਿਲਾਂ ਪੰਜਾਬੀ ਨਾਲੋਂ ਵੱਧ ਅੰਗਰੇਜ਼ੀ ਤੇ ਮੁੜ ਲਿੱਖਣ ਨਾਲੋਂ ਵੱਧ ਟਾਈਪ ਕਰ ਰਿਹਾ ਹਾਂ।

ਪਰ ਕੀ ਇਸ ਗੱਲ ਦਾ ਜੁਆਬ ਸਿਰਫ਼ ਐਨਾ ਹੀ ਹੈ? ਇਹ ਬਹੁਤ ਹੀ (underwhelming) ਨਿਰਾਸ਼ਜਨਕ ਹੈ। ਵਿਅੰਗਮਈ ਗੱਲ ਇਹ ਹੈ ਕਿ ਇਸ ਖ਼ਿਆਲ ਨੂੰ ਬਿਆਨ ਕਰਨ ਲਈ ਵੀ ਮੇਰੇ ਕੋਲ ਪੰਜਾਬੀ ਅੱਖਰ ਪੂਰੇ ਨਹੀਂ ਪੈ ਰਹੇ।

ਚਲਦਾ। 

Saturday, December 31, 2016

ਹਜੇ ਅਸੀਂ ਜੰਮੇ ਨਹੀਂ

ਜ਼ਿੰਦਗੀ ਦੇ ਗਰਭ ਚੋਂ ਹਜੇ ਅਸੀਂ ਜੰਮੇ ਨਹੀਂ
ਚੱਲ ਰਹੇ ਤੂਫ਼ਾਨ ਉੱਦਾਂ ਹੀ, ਥੰਮੇ ਨਹੀਂ
ਤੂਫ਼ਾਨ ਓਦੋਂ ਥੱਮਣਗੇ
ਜਦੋਂ ਅਸੀਂ ਜੰਮਾਂਗੇ
ਸਾਡੇ ਜੰਮਣ ਵਿੱਚ ਕੁੱਝ ਕੁ ਹੀ ਦਿਨ ਬਾਕੀ ਨੇ
ਲੋਕ ਬਿੱਟਰ ਬਿੱਟਰ ਜਾਂਦੇ ਝਾਕੀ ਨੇ
ਕਿ ਇਹ ਸਾਨੂੰ ਜੰਮਣ ਦੇਣਗੇ,
ਜਾਂ ਇੰਨ੍ਹਾਂ ਨੂੰ ਸਾਡੇ ਜੰਮਣ ਦਾ ਡਰ ਹੋਵੇਗਾ ?
ਕੋਈ ਰੂੜੀ ਜਾਂ ਛੱਪੜ ਦਾ ਕਿਨਾਰਾ ਸਾਡਾ ਘਰ ਹੋਵੇਗਾ
ਇੰਨਾਂ ਦੀ ਅੱਖ ਝਪਕਣ ਤੇ ਅਸੀਂ ਜੰਮੇ
ਤੇ ਇੰਨਾਂ ਵਿੱਚ ਹੀ ਢਲ ਗਏ
ਇੰਨ੍ਹਾਂ ਦੀਆਂ ਗੱਲਾਂ ਸੁਣ ਸੁਣ ਕੇ, ਇੰਨ੍ਹਾਂ 'ਚ ਹੀ ਰਲ ਗਏ
ਫ਼ਿਰ ਭੀੜ ਵਿੱਚੋਂ ਆਵਾਜ਼ ਆਈ
ਤੂਫ਼ਾਨ ਤਾਂ ਉੱਦਾਂ ਹੀ ਚੱਲੀ ਜਾਂਦੇ ਆ,
ਅਜੇ ਥੰਮੇ ਨਹੀਂ
ਜ਼ਿੰਦਗੀ ਦੇ ਗਰਭ ਚੋਂ ਹਜੇ ਅਸੀਂ ਜੰਮੇ ਨਹੀਂ
ਚੱਲ ਰਹੇ ਤੂਫ਼ਾਨ ਹਜੇ ਥੰਮੇ ਨਹੀਂ
ਜ਼ਿੰਦਗੀ ਦੇ ਗਰਭ ਚੋਂ ਹਜੇ ਅਸੀਂ ਜੰਮੇ ਨਹੀਂ।

We are not born yet

From the womb of life, we are not born yet
Afoot are the storms hitherto, they are not still yet
Storms will be stilled
When we are born
To our birth, only a few days remain
People, mesmerized, stare on
Will they let us be born,
or will They be afraid of us being born ?
Some corner of a pond or field will be our home
A moment they closed their eyes, and we were born
And into them we cast ourselves
Listening to their tongue over and over, we became them
Then from the crowd came a voice
The storms are still afoot, the same
They are not still yet
From the womb of life, we are not born yet
The storms are afoot, not still yet
From the womb of life, we are not born yet.


Saturday, April 16, 2016

ਸੂਰਜ ਅੱਗ ਲਾਈ ਏ

ਸਮੇਂ ਦੇ ਹੇਰ ਨੇ 
ਬੜੇ ਮੂੰਹ ਫੇਰ ਨੇ 
ਮਨ ਹਰਜਾਈ ਨੇ 
ਜਿੰਦ ਬੰਨ੍ਹੇ ਲਾਈ ਏ 

ਕੀ ਆਖਾਂ ਤੈਨੂੰ ਮੈਂ 
ਬੋਲ ਮੁੱਕੇ ਪਏ ਨੇ 
ਦਿਸਦਾ ਵੀ ਕੁਝ ਨਹੀਂ 
ਹਨੇਰੇ ਦੀ ਪਰਛਾਈ ਏ 

ਹੱਡਾਂ ਦਾ ਖੂਨ ਏ 
ਪਸੀਨੇ ਦੀ ਕਮਾਈ ਏ 
ਰੂਹ ਬਾਲ ਬਾਲ ਕੇ 
ਸੂਰਜ ਅੱਗ ਲਾਈ ਏ 


Friday, October 30, 2015

ਤਮਾਸ਼ਾ

- ਸਾਦਤ ਹਸਨ ਮੰਤੋ

ਦੋ ਤਿੰਨ ਦਿਨ ਤੋਂ ਉਡਣ-ਖਟੋਲੇ ਸਿਆਹ ਸ਼ਿਕਰਿਆਂ ਵਾਂਗ ਖੰਭ ਫੁਲਾਏ ਖਾਮੋਸ਼ ਹਵਾ ਵਿੱਚ ਮੰਡਲਾ ਰਹੇ ਸਨ। ਜਿਵੇਂ ਓਹ ਕਿਸੇ ਸ਼ਿਕਾਰ ਦੀ ਤਲਾਸ਼ ਵਿਚ ਹੋਣ, ਸੁਰ੍ਖ਼ ਹਨੇਰੀਆਂ ਵਕਤ-ਬੇਵਕਤ ਕਿਸੀ ਆਉਣ ਵਾਲੇ ਹਾਦਸੇ ਦਾ ਪੈਗਾਮ ਲਿਆ ਰਹੀਆਂ ਸਨ। ਸੁਨਸਾਨ ਬਾਜ਼ਾਰਾਂ ਵਿਚ ਹਥਿਆਰਬੰਦ ਪੁਲਸ ਦੀ ਗਸ਼ਤ ਇੱਕ ਅਜੀਬ ਬਣਤਰ ਵਾਲਾ ਸਮਾਂ ਪੇਸ਼ ਕਰ ਰਹੀ ਸੀ। ਓਹ ਬਾਜ਼ਾਰ ਜੋ ਸਵੇਰ ਤੋਂ ਕੁਝ ਅਰਸਾ ਪਹਿਲਾਂ ਲੋਕਾਂ ਦੇ ਹੁਜੂਮ ਨਾਲ ਭਰੇ ਰਹੰਦੇ ਸਨ। ਹੁਣ ਕਿਸੀ ਬੇਨਾਮ ਖੌਫ਼ ਕਰਕੇ ਸੁੰਨ ਪਏ ਸਨ। ਸ਼ਹਿਰ ਦੀ ਹਵਾ ਤੇ ਇੱਕ ਭਰਪੂਰ ਖਾਮੋਸ਼ੀ ਫੈਲੀ ਹੋਈ ਸੀ। ਭਿਆਨਕ ਖੌਫ਼ ਰਾਜ ਕਰ ਰਿਹਾ ਸੀ।

Monday, October 26, 2015

ਟੋਭਾ ਟੇਕ ਸਿੰਘ

- ਸਾਦਤ ਹਸਨ ਮੰਤੋ 


ਬਟਵਾਰੇ ਦੇ ਦੋ-ਤਿੰਨ ਸਾਲ ਬਾਅਦ, ਪਾਕਿਸਤਾਨ ਅਤੇ ਹਿੰਦੂਸਤਾਨ ਦੀਆਂ ਸਰਕਾਰਾਂ ਨੂੰ ਇਹ ਖਿਆਲ ਆਇਆ ਕਿ ਨੈਤਿਕ ਅਪ੍ਰਾਧੀਆਂ ਦੇ ਵਾਂਕਣ ਪਾਗਲਾਂ ਦਾ ਤਬਾਦਲਾ ਵੀ ਹੋਣਾ ਚਾਹੀਦੈ। ਮਤਲਬ ਜੋ ਮੁਸਲਮਾਨ ਪਾਗਲ ਹਿੰਦੂਸਤਾਨ ਦੇ ਪਾਗਲਖਾਣਿਆਂ ਵਿੱਚ ਹਨ ਓਹਨਾਂ ਨੂੰ ਪਾਕਿਸਤਾਨ ਪਹੁੰਚਾ ਦਿੱਤਾ ਜਾਵੇ ਅਤੇ ਜੋ ਹਿੰਦੂ ਤੇ ਸਿੱਖ ਪਾਗਲ ਪਾਕਿਸਤਾਨ ਦੇ ਪਾਗਲ-ਖਾਣਿਆਂ ਵਿਚ ਮੌਜੂਦ ਹਨ ਓਹਨਾਂ ਨੂੰ ਹਿੰਦੂਸਤਾਨ ਦੇ ਹਵਾਲੇ ਕਰ ਦਿੱਤਾ ਜਾਵੇ।

ਪਤਾ ਨਹੀਂ, ਇਹ ਗੱਲ ਸਹੀ ਸੀ ਜਾਂ ਗ਼ਲਤ, ਪਰ ਵਿਦ੍ਵਾਨਾਂ ਦੇ ਫੈਸਲੇ ਮੁਤਾਬਕ, ਇੱਧਰ-ਓੱਧਰ, ਉੱਚੇ ਸਤ੍ਰ ਤੇ ਕਾਨ੍ਫ੍ਰੇੰਸਾਂ ਹੋਈਆਂ, ਅਤੇ ਆਖਿਰ ਵਿਚ ਇੱਕ ਦਿਨ ਪਾਗਲਾਂ ਦੇ ਤਬਾਦਲੇ ਲਈ ਤਹਿ ਹੋ ਗਿਆ। ਚੰਗੀ ਤਰ੍ਹਾਂ ਛਾਣ-ਬੀਨ ਕੀਤੀ ਗਈ।  ਓਹ ਮੁਸਲਮਾਨ ਪਾਗਲ ਜਿੰਨਾ ਦੇ ਰਿਸ਼ਤੇਦਾਰ ਹਿੰਦੂਸਤਾਨ ਵਿਚ ਹੀ ਸਨ, ਓਥੇ ਹੀ ਰਹਿਣ ਦਿੱਤੇ ਗਏ, ਜੋ ਬਾਕੀ ਬਚੇ ਓਹਨਾਂ ਨੂੰ ਸਰਹੱਦ ਤੇ ਪਹੁੰਚਾ ਦਿੱਤਾ ਗਿਆ।  ਇਥੇ ਪਾਕਿਸਤਾਨ ਵਿੱਚ, ਕਿਓਂਕਿ ਕਰੀਬ-ਕਰੀਬ ਸਾਰੇ ਹਿੰਦੂ-ਸਿੱਖ ਜਾ ਚੁਕੇ ਸਨ, ਇਸ ਲਈ  ਕਿਸੀ ਦੇ ਰੱਖਣ-ਰਖਾਣ ਦਾ ਸੁਆਲ ਹੀ ਪੈਦਾ ਨਹੀਂ ਹੋਇਆ। ਜਿੰਨੇ ਹਿੰਦੂ-ਸਿੱਖ ਪਾਗਲ ਸਨ, ਸਾਰੇ ਦੇ ਸਾਰੇ, ਪੁਲਸ ਦੀ ਹਿਫ਼ਾਜ਼ਤ ਵਿਚ, ਸਰਹੱਦ ਤੇ ਪਹੁੰਚਾ ਦਿੱਤੇ ਗਏ।

ਓਧਰ ਦਾ ਤੇ ਪਤਾ ਨਹੀਂ। ਪਰ ਇੱਧਰ, ਲਾਹੋਰ ਦੇ ਪਾਗਲਖਾਣੇ ਵਿੱਚ, ਜਦ ਇਸ ਤਬਾਦਲੇ ਦੀ ਖ਼ਬਰ ਪਹੁੰਚੀ ਤਾਂ ਬੜੀਆਂ ਦਿਲਚਸਪ ਗੱਲਾਂ ਹੋਣ ਲੱਗੀਆਂ। ਇੱਕ ਮੁਸਲਮਾਨ ਪਾਗਲ ਤੋਂ, ਜੋ ਬਾਰਾਂ ਸਾਲਾਂ ਤੋਂ ਬਕਾਇਦਾ ਹਰ ਰੋਜ਼, "ਜ਼ਮੀਂਦਾਰ" ਪੜ੍ਹਦਾ ਸੀ, ਜਦ ਉਸ ਦੇ ਇਕ ਦੋਸਤ ਨੇ ਪੁੱਛਿਆ, "ਮੌਲਵੀ ਸਾਹਬ, ਇਹ ਪਾਕਿਸਤਾਨ ਕੀ ਹੁੰਦਾ ਹੈ?" ਤਾਂ ਉਸਨੇ ਬੜਾ ਸੋਚ ਸਮਝ ਕੇ ਜਵਾਬ ਦਿੱਤਾ -- "ਹਿੰਦੂਸਤਾਨ ਵਿੱਚ ਇੱਕ ਐਸੀ ਜਗਾਹ ਹੈ, ਜਿੱਥੇ ਉਸਤਰੇ ਬਣਾਉਂਦੇ ਹਨ।"

ਇਹ ਜਵਾਬ ਸੁਣ ਕੇ, ਉਸਦਾ ਦੋਸਤ ਸੰਤੁਸ਼ਟ ਹੋ ਗਿਆ।

Thursday, September 24, 2015

ਕੀ ਸਚ ਕੀ ਝੂਠ

ਅਸਾਂ ਗੀਤ ਹਿਜਰ ਦੇ ਬਣਾ ਦਿੱਤੇ
ਹਿਜਰ ਤਾਂ ਸਾਥੋਂ ਨਿਭਿਆ ਨਹੀਂ
ਇਹ ਦਿਲ ਤਾਂ ਐਵੇਂ ਡੋਲ ਗਯਾ
ਕੁਝ ਵੀ ਤਾਂ ਸਾਥੋਂ ਖੁੰਝਿਆ ਨਹੀਂ

ਲਫਜਾਂ ਦੀ ਦਰਗਾਹ ਪਾਤਰ ਕੋਲ
ਕੋਲ ਬਟਾਲਵੀ ਪੀੜਾਂ ਦਾ ਪਰਾਗਾ ਹੈ
ਸਾਹਿਰ ਦੀ ਪ੍ਰੀਤਮ ਛੁੱਟ ਗਈ
ਵਾਰਿਸ ਸ਼ਾਹ ਵੀ ਕਿਸੇ ਦਾ ਰਾਂਝਾ ਹੈ

ਕੀ ਸਚ ਆਖਦੈਂ ਤੂੰ ਪਾਲ ਸਿਓਂ
ਜਾਂ ਖਲ੍ਕਤ ਸ਼ੁਦਾਈ ਬਣਾਈ ਜਾਂਦੈਂ 
ਕਿਓ' ਵਲੂੰਡਦਾ ਸ਼ਾਮ ਦਾ ਹਨੇਰਾ ਤੈਨੂੰ
ਕੀ ਆਪ ਨੂੰ ਵੱਡ ਵੱਡ ਖਾਈ ਜਾਂਦੈਂ

ਜੱਗ ਰੁਸ਼ਨਾਈ ਅੱਖਾਂ ਚੁੰਧਿਆਈਆਂ
ਅੰਦਰ ਝਾਕ ਹਨੇਰਾ ਜਾਪਦਾ ਏ
ਕੀ ਸਚ ਕੀ ਝੂਠ ਹੁਣ ਰੱਬ ਜਾਣੇ
ਪਾਲ ਸਿਓਂ ਨਾ ਕਿਸੇ ਨੂੰ ਕੁਝ ਆਖਦਾ ਏ



Saturday, June 6, 2015

ਖ਼ਲਿਸ਼ ਏ ਦਿਲ ਨਹੀਂ ਮਯੱਸਰ

 ਖ਼ਲਿਸ਼ ਏ ਦਿਲ ਨਹੀਂ ਮਯੱਸਰ, ਜੋ ਸੀਨੇ ਤਕ ਨਹੀਂ ਆਤੀ 
ਜ਼ਾਹਿਰ ਹੈ ਸ਼ਿਕਸਤ ਏ ਹਸਰਤ, ਕਿਊਂ ਨਜ਼ਰ ਹਕੀਕਤ ਨਹੀਂ ਆਤੀ 

ਆਬ-ਏ-ਜ਼ਰ ਸੇ ਉਕੇਰਤੇ ਹੈਂ, ਰੇਸ਼ਮ ਪੇ ਹਰਫ਼ ਰੋਜ਼ 
ਮੇਹਕ ਸਮਨ ਸੀ ਆਤੀ ਹੈ, ਆਫਤ-ਏ-ਜਾਨ ਨਹੀਂ ਆਤੀ 

ਗੁੰਜਾਇਸ਼ ਵਕਤ ਕੀ ਅਕਸਰ, ਮੇਹ੍ਜ਼ ਪਹਰ ਭਰ ਹੀ ਸਹੀ 
ਸਬਬ ਏ ਰੂ-ਬ-ਰੂ ਤੋ ਦੂਰ, ਅਕਸਰ ਯਾਦ ਭੀ ਨਹੀਂ ਆਤੀ 

ਤਕ਼ਰੀਰ ਬੁਤ-ਏ-ਹਯਾਤ ਸੇ ਹੋਤੀ ਹੈ ਸ਼ਬ ਓ ਰੋਜ਼ 
ਦਮ ਏ ਵਿਸਾਲ ਕੀ ਫਿਰ ਭੀ ਕੋਈ ਤਦਬੀਰ ਨਜ਼ਰ ਨਹੀਂ ਆਤੀ 

ਮਕਾਮ ਏ ਅਸ਼ਕ ਮੇਂ ਸੁਲਗਤੀ ਹੈ ਆਤਿਸ਼-ਏ-ਰਸ਼ਕ 
ਰਗੋਂ ਮੇਂ ਦੌੜਤੀ ਯੇ ਫਸੁਰਦਗੀ ਯੂੰ ਹੀ ਨਹੀਂ ਆਤੀ 

ਨਿਸ਼ਾਨ-ਏ-ਉਲਫ਼ਤ ਅਸਦ, ਜ਼ਖਮ -ਏ- ਹਿਜਰ ਤੋ ਕਿਆ 
ਨਾ ਜੁਮ੍ਬਿਸ਼ ਲਬੋਂ ਪਰ, ਸ਼ਿਕਨ ਰੋਖ ਪਰ ਨਹੀਂ ਆਤੀ  


Click ਅੱਗੇ ਪੜ੍ਹੋ for english transliteration, and some word meanings.

Saturday, August 2, 2014

ਕੱਲ ਤੋਂ ਕੱਲ ਤਕ

ਅਗਸਤ, ੨੦੧੨

ਹਾਲੇ ਕੱਲ ਦੀ ਹੀ ਗੱਲ ਲਗਦੀ ਹੈ, ਕਿ ਮੈਂ ਆਪਣੇ ਹੋਸਟ੍ਲ ਦੇ ਕਮਰੇ 'ਚ ਬੈਠਾ ਆਸਾ ਸਿੰਘ ਮਸਤਾਨਾ ਦਾ "ਜਦੋਂ ਮੇਰੀ ਅਰਥੀ.." ਸੁਣ ਰਿਹਾ ਸੀ, ਤੇ ਆਉਣ ਵਾਲੇ ਕੱਲ ਨੂੰ ਅੱਧੀਆਂ ਖੁੱਲੀਆਂ ਅੱਖਾਂ ਨਾਲ ਓਸ ਉਨੀਂਦਰੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਫਿਰ ਜਦੋਂ ਸੋਚਾਂ ਦੀ ਲੜੀ ਟੁੱਟਦੀ ਹੈ, ਅਤੇ ਮੈਂ ਪਲਟ ਕੇ ਮੂਹਰੇ ਝਾਕਦਾ ਹਾਂ, ਤਾਂ ਆਪਣੇ ਆਪ ਨੂੰ ਬੀਤੇ ਵਰ੍ਹੇ ਦੇ ਪਰਛਾਂਵੇ ਹੇਠ ਖੜ੍ਹਾ ਪਾਂਦਾ ਹਾਂ।

ਅੱਜ ਮੈਂ ਭਾਵੇਂ ਕਿਸੇ ਨਵੇਂ ਸ਼ਹਿਰ ਦੇ ਕਿਸੇ ਨਵੇਂ ਕਮਰੇ 'ਚ ਬੈਠਾ ਹਾਂ, ਪਰ ਉਂਜ੍ਹ ਹੀ ਸਮੇਂ ਦੀਆਂ ਘੁੰਮਣ ਘੇਰੀਆਂ ਵਿੱਚ ਕਿਤੇ ਗੁਆਚਾ ਫਿਰਦਾ ਹਾਂ। ਇਹਨਾਂ ਅਣਗੌਲੇ ਰਾਹਾਂ ਵਿੱਚ ਭਟਕਦਾ ਮੈਂ ਕੱਲ ਦੀ ਉਡੀਕ ਕਰ ਰਿਹਾ ਸੀ ਜਦ ਆਸਾ ਸਿੰਘ ਮਸਤਾਨਾ ਦੇ "ਮਿੱਤਰਾਂ ਨੇ ਫੁੱਲ ਮਾਰਿਆ.." ਨੇ ਯਾਦਾਂ ਦੀ ਪੀਚੀ ਹੋਈ ਗੰਡ ਨੂੰ ਇੰਜ੍ਹ ਖੋਲ ਦਿੱਤਾ ਜਿਵੇਂ ਕਿਸੇ ਬੱਚੇ ਦੀ ਘੁੱਟ ਕੇ ਬੰਦ ਕੀਤੀ ਮੁੱਠੀ ਨੂੰ ਕਰਿਆਨੇ ਦੀ ਦੁਕਾਨ ਤੇ ਪਈ ਟਾੱਫ਼ੀਆਂ ਦੀ ਮਹਿਕ ਖੋਲ ਜਾਂਦੀ ਹੈ, ਤੇ ਉਸ 'ਚ ਬੰਦ ਯਾਦਾਂ ਦੀਆਂ ਧੇਲੀਆਂ-ਚੁਆਨੀਆਂ ਖਣ-ਖਣ ਕਰਦੀਆਂ ਜ਼ਿੰਦਗੀ ਦੇ ਗੱਲੇ 'ਚ ਜਾ ਸਿਮਟੀਆਂ।

ਕੁਝ ਅਧੂਰੇ ਖਿਆਲ਼ ਆਪਣੇ ਪੂਰਾ ਹੋਣ ਦਾ ਸੁਪਣਾ ਉਨ੍ਹਾਂ ਮੀਟੀਆਂ ਅੱਖਾਂ 'ਚ ਲੈ ਕੇ ਚੱਲੇ ਸਨ, ਪਰ ਲਗਦਾ ਹੈ ਕਿ ਉਹ ਨੀਂਦ ਹਾਲੇ ਟੁੱਟੀ ਨਹੀਂ।

ਕੁਝ ਸੁਆਲ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੇ ਜੁਆਬਾਂ ਤੋਂ ਵੀ ਓਨਾ ਹੀ ਡਰ ਲਗਦਾ ਹੈ, ਜਿਨ੍ਹਾ ਕਿ ਇਹਨਾਂ ਸੁਆਲਾਂ ਤਾਈਂ ਮੁੱਕ ਜਾਣ ਦੀ ਹਸਰਤ ਤੋਂ । ਜੀਂਕਣ ਇਹ ਸੁਆਲ ਕੱਲ ਤੇ ਕੱਲ ਦੇ ਫੇਰ ਨੂੰ ਸਿਰੇ ਤੋਂ ਨਕਾਰ ਪਰੇ ਕਰਦੇ ਨੇ, ਕਈ ਵਾਰ ਇਹ ਖਿਆਲ ਮੈਨੂੰ ਵਲੂੰਡਦਾ ਹੈ, ਕਿ ਮੈਨੂੰ ਜੀਵਨ ਦੇ ਫੇਰ 'ਚ ਬੰਨ੍ਹ ਕੇ ਰੱਖਣ ਵਾਲੇ ਇਹ ਸੁਆਲ ਆਪ ਇੰਨ੍ਹੇ ਆਜ਼ਾਦ ਕਿੰਞ ਹੋ ਸਕਦੇ ਨੇ ?

ਸੁਆਲਾਂ-ਜੁਆਬਾਂ 'ਚ ਉਲਝ ਕੇ ਇਹ ਭੁੱਲ ਜਾਣਾ ਬਹੁਤਾ ਔਖਾ ਨਹੀਂ ਕਿ ਅਸਲ 'ਚ ਜ਼ਿੰਦਗੀ ਖਿਆਲਾਂ 'ਚ ਨਹੀਂ, ਹਰਕਤ 'ਚ ਬਲਦੀ, ਧੁਖਦੀ ਤੇ ਪੱਕ ਹੁੰਦੀ ਹੈ । ਇਸ ਲੜੀਵਾਰ ਤੇ ਵਾਰ-ਵਾਰ 'ਚ ਬੱਝੇ ਸਾਡੇ ਦਿਨ ਤੇ ਰਾਤ, ਮਹੀਨੇ ਤੇ ਸਾਲ ਬਣ ਜਾਂਦੇ ਹਨ। ਇਸ ਪੱਕ ਦੀ ਨੀਂਹ ਉੱਤੇ ਪੈਂਦੀਆਂ ਮੰਜ਼ਲਾਂ ਦੀ ਗਿਣਤੀ ਇੰਨੀ ਵਿਸ਼ਾਲ ਹੋ ਜਾਂਦੀ ਹੈ ਕਿ ਉਨ੍ਹਾਂ ਦੀਆਂ ਪੌੜੀਆਂ ਚੜ੍ਹਦੇ-ਚੜ੍ਹਦੇ ਕਦੇ ਸੋਚਣ ਦਾ ਵੇਲਾ ਹੀ ਨਹੀਂ ਮਿਲਦਾ ਕਿ ਆਖਰ ਨੀਂਹ ਪਾਈ ਕਿਸ ਕਾਰਨ ਸੀ।








- ਇਹ ਹਰਫ਼ ਓਕੇਰੇਆਂ ਭਾਵੇਂ ਵਰ੍ਹੇ ਹੋ ਗਏ ਹਨ ਪਰ ਇਹਨਾ ਦੇ ਮਾਇਨੇ ਅੱਜ ਵੀ ਮੇਰੇ ਲਈ ਓਨੇ ਹੀ ਸਟੀਕ ਹਨ। ਇਹਨਾ ਨੂੰ ਦੁਨਿਆ ਮੂਹਰੇ ਹੈਸੀਅਤ ਦੇਣ ਦਾ ਜਿਗਰਾ ਸ਼ਾਯਦ ਅੱਜ ਹੀ ਹੋਇਆ ਹੈ। 

Tuesday, December 25, 2012

शायर का चश्मा

किसी साधारण सी शाम में,
जब कल्पना अँधेरे में समाती है,
अकेलेपन की चौखट पर,
जब कविता भी साथ छोड़ जाती है,
मन चक्क्षु से दृष्टिहीन हो कर,
शायर भी टूट जाया करते हैं।

टूटे हुए शायर अक्सर,
खुद से बातें करते हैं,
निर्जीव वस्तुओं में भी,
सरासर ही जीवन भरते हैं।
ऐसे एक शायर का चश्मा,
आक्स्मयक जीवित हो जाता है,
कुछ दिल से बातें करता है,
कुछ यूं फिर वोह इतराता है।

एक शायर का चश्मा,
दुनिया देखा करता है,
टेढ़ी-मेढ़ी दुनिया को,
बार-बार ये सीधा करता है।
बेरंगी-फीकी सी दुनिया,
में ये रंग भी भरता है,
रोते हस्ते अचंभ कुछ चेहरे,
इसी में सिमटा करते हैं,
महफ़िल मय्यत सब के नज़ारे,
इसी से गुज़रा करते हैं।

नगमों पे वाह वाह मिलती है,
लोग कहते हैं दिल से लिखता है,
शब्द जो दिल को छूते हैं,
शायर के चश्मे से परखा करते हैं।

- अ.प.स. 



Here is the transliteration for those who can't read hindi.

Monday, December 10, 2012

ਰਾਤ ਆਣ ਵੜਦੀ ਏ

ਚੁਪ ਚਾਪ ਹੌਲੀ ਹੌਲੀ
ਕਦਮਾਂ ਦੀ ਵਾਟ ਪਿੱਛੇ
ਸਾਵੇਂ ਸਾਵੇਂ ਟਿੱਪ ਟਿੱਪ
ਰੋਜ਼ ਰੋਜ਼ ਘੜੀ ਮੁੜੀ
ਦਸਦੀ ਨਾ ਪੁੱਛਦੀ ਏ
ਅੰਬਰ ਦੀ ਚੌਖਟ ਤੇ
ਰਾਤ ਆਣ ਵੜਦੀ ਏ

ਕਾਲੀ ਰਾਤ ਮਰਜਾਣੀ ਇਹ
ਕੱਲੀ ਕਦੇ ਆਂਉਦੀ ਨਹੀ
ਟਿਮ ਟਿਮ ਚੰਦ ਤਾਰੇ
ਲੂੰ ਲੂੰ ਦੀਵੇ ਲਾਟਾਂ
ਜਾਗਦੀ ਨਾ ਸੌਂਦੀ ਏ
ਨਾਲ ਯਾਦਾਂ ਦੀ ਹਨੇਰੀ ਚ
ਕਦੇ ਕਦੇ ਭੁੱਲੇ ਵਿਸਰੇ
ਕੁਝ ਖਿਆਲ ਆਣ ਵੜਦੀ ਏ

ਭੁੱਲੇ ਵਿਸਰੇ ਚੰਗੇ ਸਨ
ਯਾਦਾਂ ਦੀ ਪਟੋਲੀ ਚ
ਥੋੜੇ ਮਿੱਠੇ ਬਹੁਤੇ ਕੌੜੇ 
ਕੁਝ ਨਿਭੜੇ ਬਹੁਤੇ ਅਧੂਰੇ 
ਨਿੱਕੀਆਂ ਨਿੱਕੀਆਂ ਜਿੰਦਾਂ ਦੇ
ਕੁਝ ਛੋਟੇ ਵੱਡੇ ਸੁਪਨੇ
ਫਿਰ ਫਰੋਲਨ ਆਣ ਵੜਦੀ ਏ



- ਅ.ਪ.ਸ.

I wrote this a while ago, publishing it now. I don't know why suddenly this song is on my mind, so please bear with it. Maybe it will cheer you up after reading the piece of crap above. Bullah, I don't know who I am...
The original video disappeared. Now, a different song is on my mind. Don't worry, let's sing..

Saturday, September 8, 2012

ਇਕੱਲਾ ਹੀ ਚੱਲ ਵੇ !

ਜਦ ਤੇਰੀ 'ਵਾਜ ਸੁਣ ਕੋਈ ਨਾ ਆਵੇ,
ਤਾਂ ਇਕੱਲਾ ਹੀ ਚੱਲ ਵੇ !
ਇਕੱਲਾ ਚੱਲ ! ਇਕੱਲਾ ਚੱਲ ! ਇਕੱਲਾ ਚੱਲ ਵੇ !

ਜਦ ਕੋਈ  ਬੋਲੇ ਕੁਝ ਨਾ,
ਵੇ ਵੇ ਓ ਅਭਾਗੇ !
ਜਦ ਸਭੇ ਢੱਕ ਲੈਣ ਮੂੰਹ ਫਿਰਾ ਕੇ,
ਸਭੇ ਬਹਿ ਜਾਣ ਡਰ ਕੇ,
ਤਾਂ ਮਨ ਨੂੰ ਖੋਲ,
ਓ ਤੇਰਾ ਮੂੰਹ ਖੁਲੇ ਤਾਂ ਮਨ ਹੀ ਬੋਲੇ,
ਇਕੱਲਾ ਹੀ ਬੋਲ ਵੇ !

ਜਦ ਸਭੇ ਮੁੜ ਜਾਣ ,
ਵੇ ਵੇ ਓ ਅਭਾਗੇ !
ਜਦ ਅੱਗੇ ਰਾਹ ਹੋਵੇ ਸੰਘਣਾ, ਕਾਲਾ, ਡੂੰਗਾ,
ਪਲਟ ਵੇਖਣਾ ਕੋਈ ਨਾ ਚਾਹਵੇ ,
ਤਾਂ ਜੋ ਆਵਣ ਪੱਥਰ ਕੰਡੇ,
ਓ ਤੇਰੇ ਖੂਨ ਨਾਲ ਰਾਹ ਨੂੰ ਰੰਗ ਕੇ,
ਸਭ ਨੂੰ ਆਪਣੇ ਪੈਰਾਂ ਹੇਠ ,
ਇਕੱਲਾ ਹੀ ਦੱਬ ਵੇ !

ਜਦ ਰੋਸ਼ਨੀ ਨਾ ਬਲੇ ,
ਵੇ ਵੇ ਓ ਅਭਾਗੇ,
ਜਦ ਵੱਸਣ ਬੱਦਲ ਅੰਧੇਰੀ ਰਾਤ ,
ਤੇ ਬੰਦ ਹੋਣ ਸਾਰੇ ਦੁਆਰ,
ਤਾਂ ਵਜਰ ਦੀ ਅੱਗ ਸੀਨੇ ਚ ਬਾਲ,
ਇਕੱਲਾ ਹੀ ਬਲ ਵੇ !

ਜਦ ਤੇਰੀ 'ਵਾਜ ਸੁਣ ਕੋਈ ਨਾ ਆਵੇ,
ਤਾਂ ਇਕੱਲਾ ਹੀ ਚੱਲ ਵੇ !
ਇਕੱਲਾ ਚੱਲ ! ਇਕੱਲਾ ਚੱਲ ! ਇਕੱਲਾ ਚੱਲ ਵੇ !

- ਰਬਿੰਦਰਨਾਥ ਟੈਗੋਰ


Yours truly is to blame for any liberties taken, or errors committed in the translation, and those should be owed to the translators relative incompetence. The original is - as many would assent, I am sure - perfect.