- ਸਾਦਤ ਹਸਨ ਮੰਤੋ
ਦੋ ਤਿੰਨ ਦਿਨ ਤੋਂ ਉਡਣ-ਖਟੋਲੇ ਸਿਆਹ ਸ਼ਿਕਰਿਆਂ ਵਾਂਗ ਖੰਭ ਫੁਲਾਏ ਖਾਮੋਸ਼ ਹਵਾ ਵਿੱਚ ਮੰਡਲਾ ਰਹੇ ਸਨ। ਜਿਵੇਂ ਓਹ ਕਿਸੇ ਸ਼ਿਕਾਰ ਦੀ ਤਲਾਸ਼ ਵਿਚ ਹੋਣ, ਸੁਰ੍ਖ਼ ਹਨੇਰੀਆਂ ਵਕਤ-ਬੇਵਕਤ ਕਿਸੀ ਆਉਣ ਵਾਲੇ ਹਾਦਸੇ ਦਾ ਪੈਗਾਮ ਲਿਆ ਰਹੀਆਂ ਸਨ। ਸੁਨਸਾਨ ਬਾਜ਼ਾਰਾਂ ਵਿਚ ਹਥਿਆਰਬੰਦ ਪੁਲਸ ਦੀ ਗਸ਼ਤ ਇੱਕ ਅਜੀਬ ਬਣਤਰ ਵਾਲਾ ਸਮਾਂ ਪੇਸ਼ ਕਰ ਰਹੀ ਸੀ। ਓਹ ਬਾਜ਼ਾਰ ਜੋ ਸਵੇਰ ਤੋਂ ਕੁਝ ਅਰਸਾ ਪਹਿਲਾਂ ਲੋਕਾਂ ਦੇ ਹੁਜੂਮ ਨਾਲ ਭਰੇ ਰਹੰਦੇ ਸਨ। ਹੁਣ ਕਿਸੀ ਬੇਨਾਮ ਖੌਫ਼ ਕਰਕੇ ਸੁੰਨ ਪਏ ਸਨ। ਸ਼ਹਿਰ ਦੀ ਹਵਾ ਤੇ ਇੱਕ ਭਰਪੂਰ ਖਾਮੋਸ਼ੀ ਫੈਲੀ ਹੋਈ ਸੀ। ਭਿਆਨਕ ਖੌਫ਼ ਰਾਜ ਕਰ ਰਿਹਾ ਸੀ।