Saturday, September 19, 2020

ਪਿੰਜਰ ਦੀ ਕੈਦ


ਇਹ ਹੱਡ ਮਾਸ ਦਾ ਪਿੰਜਰ
ਆਜ਼ਾਦ ਹੈ
ਪਰ ਇਸ ਪਿੰਜਰ ਦੀ ਜੂਨ 
ਮੇਰੀ ਹੋਂਦ ਕੈਦ ਹੈ 

ਮੇਰੀ ਹੋਂਦ ਅਕਸਰ 
ਵਾਜਾਂ ਮਾਰਦੀ ਹੈ
ਪਰ ਇਸ ਸੰਨਾਟੇ ਦੀ ਛਾਵੇਂ   
ਮੇਰੀ ਜ਼ਬਾਨ ਕੈਦ ਹੈ 

ਇਸ ਜ਼ਬਾਨ ਦੇ ਅੱਖਰਾਂ ਨਾਲ 
ਭਰੀ ਇਹ ਰਾਤ ਹੈ 
ਪਰ ਇਸ ਹਨੇਰੇ ਦੇ ਸਾਏ ਵਿਚ   
ਮੇਰੀ ਉੱਮੀਦ ਕੈਦ ਹੈ 
 
ਇਸ ਉੱਮੀਦ ਦਾ ਕਦੋਂ ਤੀਕਣ 
ਸਾਡਾ ਸਾਥ ਹੈ 
ਇਸ ਸਵਾਲ ਦੇ ਜਵਾਬ ਵਿੱਚ 
ਮੇਰੀ ਰੂਹ ਕੈਦ ਹੈ 

Tuesday, September 8, 2020

ਅੱਜ ਰਾਤ

ਪੰਜੇ ਉਂਗਲਾਂ ਦੇ ਪੋਟੇ ਵੱਡ ਕੇ 
ਲਕੀਰਾਂ ਲਹੂ ਦੀਆਂ ਲਈਆਂ ਵਾਹ
ਇਕੱਲਾ ਮੈਂ ਭਾਵੇਂ ਇਸ ਰਾਤ ਵਿੱਚ
ਤਨਹਾਈ ਪਰ ਲਈ ਗੁਆਹ 
ਅੱਜ ਰਾਤ ਮੈਂ ਰੋਵਣਾ 
ਅੱਥਰੂ ਨੇ ਲੈਣੇ ਵਹਾ

ਪਹਿਲਾ ਪਿਆਲਾ ਤੇਰੇ ਨਾਂ 
ਜੋ ਜਾਂਦਾ ਜਾਂਦਾ ਮੈਨੂੰ ਛੱਡ ਗਿਆ
ਦੂਜਾ ਪਿਆਲਾ ਮੇਰੇ ਨਾਂ 
ਜੋ ਰਹਿੰਦਾ ਰਹਿੰਦਾ ਰੁਲ ਗਿਆ 
ਇਕ ਹੋਰ ਪਿਆਲਾ ਉਸ ਇਸ਼ਕ ਦੇ ਨਾਂ 
ਜੋ ਸਹਿੰਦਾ ਸਹਿੰਦਾ ਸਹਾਰ ਗਿਆ 

ਤੇ ਇਕ ਆਖਰੀ ਪਿਆਲਾ ਉਸ ਰੱਬ ਦੇ ਨਾਂ 
ਜਿਸ ਭਾਂਤ ਭਾਂਤ ਜੱਗ ਆਨਿਆ  
ਜੋ ਇਹ ਮੰਜ਼ਰ ਸਾਰ ਵਿਸਾਰ ਗਿਆ