Sunday, October 15, 2017

ਹਾਲ ਫ਼ਕੀਰਾਂ ਦਾ

ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ
ਸਾਡਾ ਨਦੀਓਂ ਵਿਛੜੇ ਨੀਰਾਂ ਦਾ
ਸਾਡਾ ਹੰਝ ਦੀ ਜੂਨੇ ਆਇਆਂ ਦਾ
ਸਾਡਾ ਦਿਲ ਜਲਿਆਂ ਦਿਲਗੀਰਾਂ ਦਾ

ਇਹ ਜਾਣਦਿਆਂ ਕੁਝ ਸ਼ੋਖ਼ ਜਹੇ
ਰੰਗਾਂ ਦਾ ਹੀ ਨਾਂ ਤਸਵੀਰਾਂ ਹੈ
ਜਦ ਹੱਟ ਗਏ ਅਸੀਂ ਇਸ਼ਕੇ ਦੀ
ਮੁੱਲ ਕਰ ਬੈਠੇ ਤਸਵੀਰਾਂ ਦਾ

ਸਾਨੂੰ ਲੱਖਾਂ ਦਾ ਤਨ ਲੱਭ ਗਿਆ
ਪਰ ਇਕ ਦਾ ਮਨ ਵੀ ਨਾ ਮਿਲਿਆ
ਕਿਆ ਲਿਖਿਆ ਕਿਸੇ ਮੁਕੱਦਰ ਸੀ
ਹੱਥਾਂ ਦੀਆਂ ਚਾਰ ਲਕੀਰਾਂ ਦਾ

ਤਕਦੀਰ ਤਾਂ ਆਪਣੀ ਸੌਂਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਨਾ ਝੰਗ ਛੁੱਟਿਆ ਨਾ ਕੰਨ ਪਾਟੇ
ਝੁੰਡ ਲੰਘ ਗਿਆ ਇੰਜ ਹੀਰਾਂ ਦਾ

ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
ਨਾਲੇ ਕਾਫ਼ਰ ਆਖ ਸਦੀਂਦੇ ਨੇ
ਮੈਂ ਦਰਦ ਨੂੰ ਕਾਅਬਾ ਕਹਿ ਬੈਠਾ
ਰੱਬ ਨਾਂ ਰੱਖ ਬੈਠਾ ਪੀੜਾਂ ਦਾ

ਮੈਂ ਦਾਨਸ਼ਵਰਾਂ ਸੁਣੀਂਦਿਆਂ ਸੰਗ
ਕਈ ਵਾਰ ਉੱਚੀ ਬੋਲ ਪਿਆ
ਕੁਝ ਮਾਣ ਸੀ ਸਾਨੂੰ ਇਸ਼ਕੇ ਦਾ
ਕੁਝ ਦਾਅਵਾ ਵੀ ਸੀ ਪੀੜਾਂ ਦਾ

ਤੂੰ ਖ਼ੁਦ ਨੂੰ ਆਕਲ ਕਹਿੰਦਾ ਹੈਂ
ਮੈਂ ਖ਼ੁਦ ਨੂੰ ਆਸ਼ਕ ਦੱਸਦਾ ਹਾਂ
ਇਹ ਲੋਕਾਂ 'ਤੇ ਛੱਡ ਦੇਈਏ
ਕਿਨੂੰ ਮਾਣ ਨੇ ਦੇਂਦੇ ਪੀਰਾਂ ਦਾ ।

- ਸ਼ਿਵ ਕੁਮਾਰ ਬਟਾਲਵੀ

Sunday, October 4, 2015

ਵਲਵਲਾ

ਜਿਨ੍ਹਾਂ ਉਚਯਾਈਆਂ ਉਤੋਂ
'ਬੁੱਧੀ' ਖੰਭ ਸਾੜ ਢੱਠੀ,
ਮੱਲੋ ਮੱਲੀ ਓਥੇ ਦਿਲ
ਮਾਰਦਾ ਉਡਾਰੀਆਂ;

ਪਯਾਲੇ ਅਣਡਿੱਠੇ ਨਾਲ
ਬੁੱਲ੍ਹ ਲੱਗ ਜਾਣ ਓਥੇ
ਰਸ ਤੇ ਸਰੂਰ ਚੜ੍ਹੇ
ਝੂੰਮਾਂ ਆਉਣ ਪਯਾਰੀਆਂ;

"ਗਯਾਨੀ" ਸਾਨੂੰ, ਹੋੜਦਾ ਤੇ
"ਵਹਿਮੀ ਢੋਲਾ" ਆਖਦਾ ਏ,
"ਮਾਰੇ ਗਏ ਜਿਨ੍ਹਾਂ ਲਾਈਆਂ
ਬੁੱਧੋਂ ਪਾਰ ਤਾਰੀਆਂ !"

"ਬੈਠ ਵੇ ਗਿਆਨੀ ! ਬੁੱਧੀ-
ਮੰਡਲੇ ਦੀ ਕੈਦ ਵਿੱਚ,
'ਵਲਵਲੇ ਦੇ ਦੇਸ਼' ਸਾਡੀਆਂ
ਲੱਗ ਗਈਆਂ ਯਾਰੀਆਂ ।"

- ਭਾਈ ਵੀਰ ਸਿੰਘ ਜੀ 

Thursday, September 24, 2015

ਕੀ ਸਚ ਕੀ ਝੂਠ

ਅਸਾਂ ਗੀਤ ਹਿਜਰ ਦੇ ਬਣਾ ਦਿੱਤੇ
ਹਿਜਰ ਤਾਂ ਸਾਥੋਂ ਨਿਭਿਆ ਨਹੀਂ
ਇਹ ਦਿਲ ਤਾਂ ਐਵੇਂ ਡੋਲ ਗਯਾ
ਕੁਝ ਵੀ ਤਾਂ ਸਾਥੋਂ ਖੁੰਝਿਆ ਨਹੀਂ

ਲਫਜਾਂ ਦੀ ਦਰਗਾਹ ਪਾਤਰ ਕੋਲ
ਕੋਲ ਬਟਾਲਵੀ ਪੀੜਾਂ ਦਾ ਪਰਾਗਾ ਹੈ
ਸਾਹਿਰ ਦੀ ਪ੍ਰੀਤਮ ਛੁੱਟ ਗਈ
ਵਾਰਿਸ ਸ਼ਾਹ ਵੀ ਕਿਸੇ ਦਾ ਰਾਂਝਾ ਹੈ

ਕੀ ਸਚ ਆਖਦੈਂ ਤੂੰ ਪਾਲ ਸਿਓਂ
ਜਾਂ ਖਲ੍ਕਤ ਸ਼ੁਦਾਈ ਬਣਾਈ ਜਾਂਦੈਂ 
ਕਿਓ' ਵਲੂੰਡਦਾ ਸ਼ਾਮ ਦਾ ਹਨੇਰਾ ਤੈਨੂੰ
ਕੀ ਆਪ ਨੂੰ ਵੱਡ ਵੱਡ ਖਾਈ ਜਾਂਦੈਂ

ਜੱਗ ਰੁਸ਼ਨਾਈ ਅੱਖਾਂ ਚੁੰਧਿਆਈਆਂ
ਅੰਦਰ ਝਾਕ ਹਨੇਰਾ ਜਾਪਦਾ ਏ
ਕੀ ਸਚ ਕੀ ਝੂਠ ਹੁਣ ਰੱਬ ਜਾਣੇ
ਪਾਲ ਸਿਓਂ ਨਾ ਕਿਸੇ ਨੂੰ ਕੁਝ ਆਖਦਾ ਏ



Saturday, August 2, 2014

ਕੱਲ ਤੋਂ ਕੱਲ ਤਕ

ਅਗਸਤ, ੨੦੧੨

ਹਾਲੇ ਕੱਲ ਦੀ ਹੀ ਗੱਲ ਲਗਦੀ ਹੈ, ਕਿ ਮੈਂ ਆਪਣੇ ਹੋਸਟ੍ਲ ਦੇ ਕਮਰੇ 'ਚ ਬੈਠਾ ਆਸਾ ਸਿੰਘ ਮਸਤਾਨਾ ਦਾ "ਜਦੋਂ ਮੇਰੀ ਅਰਥੀ.." ਸੁਣ ਰਿਹਾ ਸੀ, ਤੇ ਆਉਣ ਵਾਲੇ ਕੱਲ ਨੂੰ ਅੱਧੀਆਂ ਖੁੱਲੀਆਂ ਅੱਖਾਂ ਨਾਲ ਓਸ ਉਨੀਂਦਰੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਫਿਰ ਜਦੋਂ ਸੋਚਾਂ ਦੀ ਲੜੀ ਟੁੱਟਦੀ ਹੈ, ਅਤੇ ਮੈਂ ਪਲਟ ਕੇ ਮੂਹਰੇ ਝਾਕਦਾ ਹਾਂ, ਤਾਂ ਆਪਣੇ ਆਪ ਨੂੰ ਬੀਤੇ ਵਰ੍ਹੇ ਦੇ ਪਰਛਾਂਵੇ ਹੇਠ ਖੜ੍ਹਾ ਪਾਂਦਾ ਹਾਂ।

ਅੱਜ ਮੈਂ ਭਾਵੇਂ ਕਿਸੇ ਨਵੇਂ ਸ਼ਹਿਰ ਦੇ ਕਿਸੇ ਨਵੇਂ ਕਮਰੇ 'ਚ ਬੈਠਾ ਹਾਂ, ਪਰ ਉਂਜ੍ਹ ਹੀ ਸਮੇਂ ਦੀਆਂ ਘੁੰਮਣ ਘੇਰੀਆਂ ਵਿੱਚ ਕਿਤੇ ਗੁਆਚਾ ਫਿਰਦਾ ਹਾਂ। ਇਹਨਾਂ ਅਣਗੌਲੇ ਰਾਹਾਂ ਵਿੱਚ ਭਟਕਦਾ ਮੈਂ ਕੱਲ ਦੀ ਉਡੀਕ ਕਰ ਰਿਹਾ ਸੀ ਜਦ ਆਸਾ ਸਿੰਘ ਮਸਤਾਨਾ ਦੇ "ਮਿੱਤਰਾਂ ਨੇ ਫੁੱਲ ਮਾਰਿਆ.." ਨੇ ਯਾਦਾਂ ਦੀ ਪੀਚੀ ਹੋਈ ਗੰਡ ਨੂੰ ਇੰਜ੍ਹ ਖੋਲ ਦਿੱਤਾ ਜਿਵੇਂ ਕਿਸੇ ਬੱਚੇ ਦੀ ਘੁੱਟ ਕੇ ਬੰਦ ਕੀਤੀ ਮੁੱਠੀ ਨੂੰ ਕਰਿਆਨੇ ਦੀ ਦੁਕਾਨ ਤੇ ਪਈ ਟਾੱਫ਼ੀਆਂ ਦੀ ਮਹਿਕ ਖੋਲ ਜਾਂਦੀ ਹੈ, ਤੇ ਉਸ 'ਚ ਬੰਦ ਯਾਦਾਂ ਦੀਆਂ ਧੇਲੀਆਂ-ਚੁਆਨੀਆਂ ਖਣ-ਖਣ ਕਰਦੀਆਂ ਜ਼ਿੰਦਗੀ ਦੇ ਗੱਲੇ 'ਚ ਜਾ ਸਿਮਟੀਆਂ।

ਕੁਝ ਅਧੂਰੇ ਖਿਆਲ਼ ਆਪਣੇ ਪੂਰਾ ਹੋਣ ਦਾ ਸੁਪਣਾ ਉਨ੍ਹਾਂ ਮੀਟੀਆਂ ਅੱਖਾਂ 'ਚ ਲੈ ਕੇ ਚੱਲੇ ਸਨ, ਪਰ ਲਗਦਾ ਹੈ ਕਿ ਉਹ ਨੀਂਦ ਹਾਲੇ ਟੁੱਟੀ ਨਹੀਂ।

ਕੁਝ ਸੁਆਲ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੇ ਜੁਆਬਾਂ ਤੋਂ ਵੀ ਓਨਾ ਹੀ ਡਰ ਲਗਦਾ ਹੈ, ਜਿਨ੍ਹਾ ਕਿ ਇਹਨਾਂ ਸੁਆਲਾਂ ਤਾਈਂ ਮੁੱਕ ਜਾਣ ਦੀ ਹਸਰਤ ਤੋਂ । ਜੀਂਕਣ ਇਹ ਸੁਆਲ ਕੱਲ ਤੇ ਕੱਲ ਦੇ ਫੇਰ ਨੂੰ ਸਿਰੇ ਤੋਂ ਨਕਾਰ ਪਰੇ ਕਰਦੇ ਨੇ, ਕਈ ਵਾਰ ਇਹ ਖਿਆਲ ਮੈਨੂੰ ਵਲੂੰਡਦਾ ਹੈ, ਕਿ ਮੈਨੂੰ ਜੀਵਨ ਦੇ ਫੇਰ 'ਚ ਬੰਨ੍ਹ ਕੇ ਰੱਖਣ ਵਾਲੇ ਇਹ ਸੁਆਲ ਆਪ ਇੰਨ੍ਹੇ ਆਜ਼ਾਦ ਕਿੰਞ ਹੋ ਸਕਦੇ ਨੇ ?

ਸੁਆਲਾਂ-ਜੁਆਬਾਂ 'ਚ ਉਲਝ ਕੇ ਇਹ ਭੁੱਲ ਜਾਣਾ ਬਹੁਤਾ ਔਖਾ ਨਹੀਂ ਕਿ ਅਸਲ 'ਚ ਜ਼ਿੰਦਗੀ ਖਿਆਲਾਂ 'ਚ ਨਹੀਂ, ਹਰਕਤ 'ਚ ਬਲਦੀ, ਧੁਖਦੀ ਤੇ ਪੱਕ ਹੁੰਦੀ ਹੈ । ਇਸ ਲੜੀਵਾਰ ਤੇ ਵਾਰ-ਵਾਰ 'ਚ ਬੱਝੇ ਸਾਡੇ ਦਿਨ ਤੇ ਰਾਤ, ਮਹੀਨੇ ਤੇ ਸਾਲ ਬਣ ਜਾਂਦੇ ਹਨ। ਇਸ ਪੱਕ ਦੀ ਨੀਂਹ ਉੱਤੇ ਪੈਂਦੀਆਂ ਮੰਜ਼ਲਾਂ ਦੀ ਗਿਣਤੀ ਇੰਨੀ ਵਿਸ਼ਾਲ ਹੋ ਜਾਂਦੀ ਹੈ ਕਿ ਉਨ੍ਹਾਂ ਦੀਆਂ ਪੌੜੀਆਂ ਚੜ੍ਹਦੇ-ਚੜ੍ਹਦੇ ਕਦੇ ਸੋਚਣ ਦਾ ਵੇਲਾ ਹੀ ਨਹੀਂ ਮਿਲਦਾ ਕਿ ਆਖਰ ਨੀਂਹ ਪਾਈ ਕਿਸ ਕਾਰਨ ਸੀ।








- ਇਹ ਹਰਫ਼ ਓਕੇਰੇਆਂ ਭਾਵੇਂ ਵਰ੍ਹੇ ਹੋ ਗਏ ਹਨ ਪਰ ਇਹਨਾ ਦੇ ਮਾਇਨੇ ਅੱਜ ਵੀ ਮੇਰੇ ਲਈ ਓਨੇ ਹੀ ਸਟੀਕ ਹਨ। ਇਹਨਾ ਨੂੰ ਦੁਨਿਆ ਮੂਹਰੇ ਹੈਸੀਅਤ ਦੇਣ ਦਾ ਜਿਗਰਾ ਸ਼ਾਯਦ ਅੱਜ ਹੀ ਹੋਇਆ ਹੈ। 

Saturday, July 20, 2013

ਕਿੱਥੇ ਹੋ?

ਕਿੱਥੇ ਹੋ?

ਕੋਲ ਈ ਹੋ,
ਕੂੰਦੇ ਨਹੀਂ?
ਕੂੰਦੇ ਹੋ ਪਰ ਕੰਨੀਂ ਸਾਦ ਸੁਣੇਂਦੀ ਨਹੀਂ।
ਕਿੱਥੇ ਹੋ?
ਕੋਲ ਈ ਹੋ,
ਦਿੱਸਦੇ ਨਹੀਂ?
ਦਿੱਸਦੇ ਹੋ ਪਰ ਸੂਰਤ ਨੈਣ ਵਸੇਂਦੀ ਨਹੀਂ।
ਕਿੱਥੇ ਹੋ?
ਕੋਲ ਈ ਹੋ,
ਮਿਲਦੇ ਨਹੀਂ?
ਮਿਲਦੇ ਹੋ ਪਰ ਤਨ ਨੂੰ ਦੇਹ ਲਪੇਟਦੀ ਨਹੀਂ।
ਕਿੱਥੇ ਹੋ, ਮੇਰੇ ਸੋਹਣੇ ਸਾਈਂ।
ਕੋਲ ਈ ਹੋ, ਮੇਰੇ ਪਿਆਰੇ ਸਾਈਂ।
ਹੋ ਕੋਲ ਈ ਪਰ ਤੜਫ਼ ਮਿਲਨ ਦੀ ਸੰਭੇਲਦਿਆਂ ਸੰਭਲਦੀ ਨਹੀਂ।

- ਭਾਈ ਵੀਰ ਸਿੰਘ ਜੀ।

Wednesday, July 17, 2013

ਅੰਮਬਰਸਰੀਆ

ਅੰਮਬਰਸਰੀਆ 

ਗਲੀ ਵਿੱਚ ਮਾਰੇ ਗੇੜੇ 
ਆਉਣ ਨੂੰ ਫਿਰਦਾ ਈ ਨੇੜੇ 
ਕਦੇ ਪਰਖਦਾ ਨੈਣ ਮੇਰੇ ਤੂੰ 
ਕਦੇ ਪਰਖਦਾ ਏਂ ਤੋਰ 

ਅੰਮਬਰਸਰੀਆ ਮੁੰਡਿਆ ਵੇ 
ਕੱਚੀਆਂ ਕਲੀਆਂ ਨਾ ਤੋੜ 
ਤੇਰੀ ਮਾਂ ਨੇ ਬੋਲੇ ਵੇ ਸਾਨੂੰ 
ਮੰਦੜੇ ਨੇ ਬੋਲ 

ਮੈਂ ਕਲੀਆਂ ਦੇ ਵਾਂਗਜ 
ਮੇਰੀ ਅੱਲ੍ਹੜ ਉਮਰ ਨਿਆਣੀ 
ਨਿੱਕੀ ਜਿੰਨੀ ਜਿੰਦ ਮੇਰੀ ਇਹ 
ਜੋਬਨ ਹੜ੍ਹ੍ ਦਾ ਪਾਣੀ 
ਜਦੋਂ ਦੀ ਚੜੀ ਜਵਾਨੀ 
ਢੂੰਢ ਦੀ ਦਿਲ ਦਾ ਜਾਨੀ 
ਮੈਂ ਅੰਤਾਂ ਨੂੰ ਵੇ 
ਪਾਣੀ ਲੈ ਨਾ ਜਾਵੇ ਰੋੜ

ਅੰਮਬਰਸਰੀਆ ਮੁੰਡਿਆ ਵੇ 
ਕੱਚੀਆਂ ਕਲੀਆਂ ਨਾ ਤੋੜ 


Monday, December 10, 2012

ਰਾਤ ਆਣ ਵੜਦੀ ਏ

ਚੁਪ ਚਾਪ ਹੌਲੀ ਹੌਲੀ
ਕਦਮਾਂ ਦੀ ਵਾਟ ਪਿੱਛੇ
ਸਾਵੇਂ ਸਾਵੇਂ ਟਿੱਪ ਟਿੱਪ
ਰੋਜ਼ ਰੋਜ਼ ਘੜੀ ਮੁੜੀ
ਦਸਦੀ ਨਾ ਪੁੱਛਦੀ ਏ
ਅੰਬਰ ਦੀ ਚੌਖਟ ਤੇ
ਰਾਤ ਆਣ ਵੜਦੀ ਏ

ਕਾਲੀ ਰਾਤ ਮਰਜਾਣੀ ਇਹ
ਕੱਲੀ ਕਦੇ ਆਂਉਦੀ ਨਹੀ
ਟਿਮ ਟਿਮ ਚੰਦ ਤਾਰੇ
ਲੂੰ ਲੂੰ ਦੀਵੇ ਲਾਟਾਂ
ਜਾਗਦੀ ਨਾ ਸੌਂਦੀ ਏ
ਨਾਲ ਯਾਦਾਂ ਦੀ ਹਨੇਰੀ ਚ
ਕਦੇ ਕਦੇ ਭੁੱਲੇ ਵਿਸਰੇ
ਕੁਝ ਖਿਆਲ ਆਣ ਵੜਦੀ ਏ

ਭੁੱਲੇ ਵਿਸਰੇ ਚੰਗੇ ਸਨ
ਯਾਦਾਂ ਦੀ ਪਟੋਲੀ ਚ
ਥੋੜੇ ਮਿੱਠੇ ਬਹੁਤੇ ਕੌੜੇ 
ਕੁਝ ਨਿਭੜੇ ਬਹੁਤੇ ਅਧੂਰੇ 
ਨਿੱਕੀਆਂ ਨਿੱਕੀਆਂ ਜਿੰਦਾਂ ਦੇ
ਕੁਝ ਛੋਟੇ ਵੱਡੇ ਸੁਪਨੇ
ਫਿਰ ਫਰੋਲਨ ਆਣ ਵੜਦੀ ਏ



- ਅ.ਪ.ਸ.

I wrote this a while ago, publishing it now. I don't know why suddenly this song is on my mind, so please bear with it. Maybe it will cheer you up after reading the piece of crap above. Bullah, I don't know who I am...
The original video disappeared. Now, a different song is on my mind. Don't worry, let's sing..

Saturday, September 8, 2012

ਇਕੱਲਾ ਹੀ ਚੱਲ ਵੇ !

ਜਦ ਤੇਰੀ 'ਵਾਜ ਸੁਣ ਕੋਈ ਨਾ ਆਵੇ,
ਤਾਂ ਇਕੱਲਾ ਹੀ ਚੱਲ ਵੇ !
ਇਕੱਲਾ ਚੱਲ ! ਇਕੱਲਾ ਚੱਲ ! ਇਕੱਲਾ ਚੱਲ ਵੇ !

ਜਦ ਕੋਈ  ਬੋਲੇ ਕੁਝ ਨਾ,
ਵੇ ਵੇ ਓ ਅਭਾਗੇ !
ਜਦ ਸਭੇ ਢੱਕ ਲੈਣ ਮੂੰਹ ਫਿਰਾ ਕੇ,
ਸਭੇ ਬਹਿ ਜਾਣ ਡਰ ਕੇ,
ਤਾਂ ਮਨ ਨੂੰ ਖੋਲ,
ਓ ਤੇਰਾ ਮੂੰਹ ਖੁਲੇ ਤਾਂ ਮਨ ਹੀ ਬੋਲੇ,
ਇਕੱਲਾ ਹੀ ਬੋਲ ਵੇ !

ਜਦ ਸਭੇ ਮੁੜ ਜਾਣ ,
ਵੇ ਵੇ ਓ ਅਭਾਗੇ !
ਜਦ ਅੱਗੇ ਰਾਹ ਹੋਵੇ ਸੰਘਣਾ, ਕਾਲਾ, ਡੂੰਗਾ,
ਪਲਟ ਵੇਖਣਾ ਕੋਈ ਨਾ ਚਾਹਵੇ ,
ਤਾਂ ਜੋ ਆਵਣ ਪੱਥਰ ਕੰਡੇ,
ਓ ਤੇਰੇ ਖੂਨ ਨਾਲ ਰਾਹ ਨੂੰ ਰੰਗ ਕੇ,
ਸਭ ਨੂੰ ਆਪਣੇ ਪੈਰਾਂ ਹੇਠ ,
ਇਕੱਲਾ ਹੀ ਦੱਬ ਵੇ !

ਜਦ ਰੋਸ਼ਨੀ ਨਾ ਬਲੇ ,
ਵੇ ਵੇ ਓ ਅਭਾਗੇ,
ਜਦ ਵੱਸਣ ਬੱਦਲ ਅੰਧੇਰੀ ਰਾਤ ,
ਤੇ ਬੰਦ ਹੋਣ ਸਾਰੇ ਦੁਆਰ,
ਤਾਂ ਵਜਰ ਦੀ ਅੱਗ ਸੀਨੇ ਚ ਬਾਲ,
ਇਕੱਲਾ ਹੀ ਬਲ ਵੇ !

ਜਦ ਤੇਰੀ 'ਵਾਜ ਸੁਣ ਕੋਈ ਨਾ ਆਵੇ,
ਤਾਂ ਇਕੱਲਾ ਹੀ ਚੱਲ ਵੇ !
ਇਕੱਲਾ ਚੱਲ ! ਇਕੱਲਾ ਚੱਲ ! ਇਕੱਲਾ ਚੱਲ ਵੇ !

- ਰਬਿੰਦਰਨਾਥ ਟੈਗੋਰ


Yours truly is to blame for any liberties taken, or errors committed in the translation, and those should be owed to the translators relative incompetence. The original is - as many would assent, I am sure - perfect.