- ਸਾਦਤ ਹਸਨ ਮੰਤੋ
ਬਟਵਾਰੇ ਦੇ ਦੋ-ਤਿੰਨ ਸਾਲ ਬਾਅਦ, ਪਾਕਿਸਤਾਨ ਅਤੇ ਹਿੰਦੂਸਤਾਨ ਦੀਆਂ ਸਰਕਾਰਾਂ ਨੂੰ ਇਹ ਖਿਆਲ ਆਇਆ ਕਿ ਨੈਤਿਕ ਅਪ੍ਰਾਧੀਆਂ ਦੇ ਵਾਂਕਣ ਪਾਗਲਾਂ ਦਾ ਤਬਾਦਲਾ ਵੀ ਹੋਣਾ ਚਾਹੀਦੈ। ਮਤਲਬ ਜੋ ਮੁਸਲਮਾਨ ਪਾਗਲ ਹਿੰਦੂਸਤਾਨ ਦੇ ਪਾਗਲਖਾਣਿਆਂ ਵਿੱਚ ਹਨ ਓਹਨਾਂ ਨੂੰ ਪਾਕਿਸਤਾਨ ਪਹੁੰਚਾ ਦਿੱਤਾ ਜਾਵੇ ਅਤੇ ਜੋ ਹਿੰਦੂ ਤੇ ਸਿੱਖ ਪਾਗਲ ਪਾਕਿਸਤਾਨ ਦੇ ਪਾਗਲ-ਖਾਣਿਆਂ ਵਿਚ ਮੌਜੂਦ ਹਨ ਓਹਨਾਂ ਨੂੰ ਹਿੰਦੂਸਤਾਨ ਦੇ ਹਵਾਲੇ ਕਰ ਦਿੱਤਾ ਜਾਵੇ।
ਪਤਾ ਨਹੀਂ, ਇਹ ਗੱਲ ਸਹੀ ਸੀ ਜਾਂ ਗ਼ਲਤ, ਪਰ ਵਿਦ੍ਵਾਨਾਂ ਦੇ ਫੈਸਲੇ ਮੁਤਾਬਕ, ਇੱਧਰ-ਓੱਧਰ, ਉੱਚੇ ਸਤ੍ਰ ਤੇ ਕਾਨ੍ਫ੍ਰੇੰਸਾਂ ਹੋਈਆਂ, ਅਤੇ ਆਖਿਰ ਵਿਚ ਇੱਕ ਦਿਨ ਪਾਗਲਾਂ ਦੇ ਤਬਾਦਲੇ ਲਈ ਤਹਿ ਹੋ ਗਿਆ। ਚੰਗੀ ਤਰ੍ਹਾਂ ਛਾਣ-ਬੀਨ ਕੀਤੀ ਗਈ। ਓਹ ਮੁਸਲਮਾਨ ਪਾਗਲ ਜਿੰਨਾ ਦੇ ਰਿਸ਼ਤੇਦਾਰ ਹਿੰਦੂਸਤਾਨ ਵਿਚ ਹੀ ਸਨ, ਓਥੇ ਹੀ ਰਹਿਣ ਦਿੱਤੇ ਗਏ, ਜੋ ਬਾਕੀ ਬਚੇ ਓਹਨਾਂ ਨੂੰ ਸਰਹੱਦ ਤੇ ਪਹੁੰਚਾ ਦਿੱਤਾ ਗਿਆ। ਇਥੇ ਪਾਕਿਸਤਾਨ ਵਿੱਚ, ਕਿਓਂਕਿ ਕਰੀਬ-ਕਰੀਬ ਸਾਰੇ ਹਿੰਦੂ-ਸਿੱਖ ਜਾ ਚੁਕੇ ਸਨ, ਇਸ ਲਈ ਕਿਸੀ ਦੇ ਰੱਖਣ-ਰਖਾਣ ਦਾ ਸੁਆਲ ਹੀ ਪੈਦਾ ਨਹੀਂ ਹੋਇਆ। ਜਿੰਨੇ ਹਿੰਦੂ-ਸਿੱਖ ਪਾਗਲ ਸਨ, ਸਾਰੇ ਦੇ ਸਾਰੇ, ਪੁਲਸ ਦੀ ਹਿਫ਼ਾਜ਼ਤ ਵਿਚ, ਸਰਹੱਦ ਤੇ ਪਹੁੰਚਾ ਦਿੱਤੇ ਗਏ।
ਓਧਰ ਦਾ ਤੇ ਪਤਾ ਨਹੀਂ। ਪਰ ਇੱਧਰ, ਲਾਹੋਰ ਦੇ ਪਾਗਲਖਾਣੇ ਵਿੱਚ, ਜਦ ਇਸ ਤਬਾਦਲੇ ਦੀ ਖ਼ਬਰ ਪਹੁੰਚੀ ਤਾਂ ਬੜੀਆਂ ਦਿਲਚਸਪ ਗੱਲਾਂ ਹੋਣ ਲੱਗੀਆਂ। ਇੱਕ ਮੁਸਲਮਾਨ ਪਾਗਲ ਤੋਂ, ਜੋ ਬਾਰਾਂ ਸਾਲਾਂ ਤੋਂ ਬਕਾਇਦਾ ਹਰ ਰੋਜ਼, "ਜ਼ਮੀਂਦਾਰ" ਪੜ੍ਹਦਾ ਸੀ, ਜਦ ਉਸ ਦੇ ਇਕ ਦੋਸਤ ਨੇ ਪੁੱਛਿਆ, "ਮੌਲਵੀ ਸਾਹਬ, ਇਹ ਪਾਕਿਸਤਾਨ ਕੀ ਹੁੰਦਾ ਹੈ?" ਤਾਂ ਉਸਨੇ ਬੜਾ ਸੋਚ ਸਮਝ ਕੇ ਜਵਾਬ ਦਿੱਤਾ -- "ਹਿੰਦੂਸਤਾਨ ਵਿੱਚ ਇੱਕ ਐਸੀ ਜਗਾਹ ਹੈ, ਜਿੱਥੇ ਉਸਤਰੇ ਬਣਾਉਂਦੇ ਹਨ।"
ਇਹ ਜਵਾਬ ਸੁਣ ਕੇ, ਉਸਦਾ ਦੋਸਤ ਸੰਤੁਸ਼ਟ ਹੋ ਗਿਆ।