Friday, October 30, 2015

ਤਮਾਸ਼ਾ

- ਸਾਦਤ ਹਸਨ ਮੰਤੋ

ਦੋ ਤਿੰਨ ਦਿਨ ਤੋਂ ਉਡਣ-ਖਟੋਲੇ ਸਿਆਹ ਸ਼ਿਕਰਿਆਂ ਵਾਂਗ ਖੰਭ ਫੁਲਾਏ ਖਾਮੋਸ਼ ਹਵਾ ਵਿੱਚ ਮੰਡਲਾ ਰਹੇ ਸਨ। ਜਿਵੇਂ ਓਹ ਕਿਸੇ ਸ਼ਿਕਾਰ ਦੀ ਤਲਾਸ਼ ਵਿਚ ਹੋਣ, ਸੁਰ੍ਖ਼ ਹਨੇਰੀਆਂ ਵਕਤ-ਬੇਵਕਤ ਕਿਸੀ ਆਉਣ ਵਾਲੇ ਹਾਦਸੇ ਦਾ ਪੈਗਾਮ ਲਿਆ ਰਹੀਆਂ ਸਨ। ਸੁਨਸਾਨ ਬਾਜ਼ਾਰਾਂ ਵਿਚ ਹਥਿਆਰਬੰਦ ਪੁਲਸ ਦੀ ਗਸ਼ਤ ਇੱਕ ਅਜੀਬ ਬਣਤਰ ਵਾਲਾ ਸਮਾਂ ਪੇਸ਼ ਕਰ ਰਹੀ ਸੀ। ਓਹ ਬਾਜ਼ਾਰ ਜੋ ਸਵੇਰ ਤੋਂ ਕੁਝ ਅਰਸਾ ਪਹਿਲਾਂ ਲੋਕਾਂ ਦੇ ਹੁਜੂਮ ਨਾਲ ਭਰੇ ਰਹੰਦੇ ਸਨ। ਹੁਣ ਕਿਸੀ ਬੇਨਾਮ ਖੌਫ਼ ਕਰਕੇ ਸੁੰਨ ਪਏ ਸਨ। ਸ਼ਹਿਰ ਦੀ ਹਵਾ ਤੇ ਇੱਕ ਭਰਪੂਰ ਖਾਮੋਸ਼ੀ ਫੈਲੀ ਹੋਈ ਸੀ। ਭਿਆਨਕ ਖੌਫ਼ ਰਾਜ ਕਰ ਰਿਹਾ ਸੀ।


ਖ਼ਾਲਿਦ ਘਰ ਦੀ ਖਾਮੋਸ਼ੀ ਤੇ ਹਵਾ ਦੇ ਸੰਨਾਟੇ ਤੋਂ ਸਹਿਮਿਆ ਹੋਇਆ ਆਪਣੇ ਵਾਲਿਦ ਦੇ ਕੋਲ ਬੈਠਾ ਗੱਲਾਂ ਕਰ ਰਿਹਾ ਸੀ।
"ਅੱਬਾ, ਤੁਸੀਂ ਮੈਨੂੰ ਸਕੂਲ ਕਿਓਂ ਨਹੀਂ ਜਾਣ ਦੇਂਦੇ?"
"ਬੇਟਾ, ਅੱਜ ਸਕੂਲ ਵਿੱਚ....ਛੁੱਟੀ ਹੈ।"
"ਮਾਸਟਰ ਸਾਹਿਬ ਨੇ ਤਾਂ ਸਾਨੂੰ ਦੱਸਿਆ ਹੀ ਨਹੀਂ। ਓਹ ਤਾਂ ਕੱਲ ਕਹਿ ਰਹੇ ਸੀ ਕਿ ਜੋ ਲੜਕਾ ਅੱਜ ਸਕੂਲ ਦਾ ਕੰਮ ਖ਼ਤਮ ਕਰਕੇ ਆਪਣੀ ਕਾਪੀ ਨਹੀਂ ਦਿਖਾਏਗਾ, ਉਸਨੂੰ ਸੱਖਤ ਸਜ਼ਾ ਦਿੱਤੀ ਜਾਏਗੀ!"
"ਉਹ ਦੱਸਣਾ ਭੁੱਲ ਗਏ ਹੋਣਗੇ।"
"ਤੁਹਾਡੇ ਦਫ਼ਤਰ ਵਿੱਚ ਵੀ ਛੁੱਟੀ ਹੋਵੇਗੀ?"
"ਹਾਂ ਸਾਡਾ ਦਫ਼ਤਰ ਵੀ ਅੱਜ ਬੰਦ ਹੈ।"
"ਚਲੋ ਚੰਗਾ ਹੋਇਆ। ਅੱਜ ਮੈਂ ਤੁਹਾਡੇ ਤੋਂ ਕੋਈ ਵੱਧੀਆ ਜਿਹੀ ਕਹਾਣੀ ਸੁਣਾਂਗਾ।"
ਇਹ ਗੱਲਾਂ ਹੋ ਰਹੀਆਂ ਸਨ ਕੀ ਤਿੰਨ ਉਡਣ-ਖਟੋਲੇ ਚੀਖ਼ਦੇ ਹੋਏ ਉਹਨਾਂ ਦੇ ਸਿਰ ਤੋਂ ਗੁਜ਼ਰ ਗਏ।  ਖ਼ਾਲਿਦ ਓਹਨਾਂ ਨੂੰ ਦੇਖ ਕੇ ਬਹੁਤ ਡਰ ਗਿਆ, ਉਹ ਤਿੰਨ ਚਾਰ ਦਿਨ ਤੋਂ ਇਹਨਾਂ ਉਡਣ-ਖਟੋਲਿਆਂ ਨੂੰ ਬੜੇ ਗੌਰ ਨਾਲ ਦੇਖ ਰਿਹਾ ਸੀ। ਪਰ ਕਿਸੇ ਨਤੀਜੇ ਤੇ ਨਹੀਂ ਸੀ ਪਹੁੰਚ ਸਕਿਆ। ਉਹ ਹੈਰਾਨ ਸੀ ਕਿ ਇਹ ਜਹਾਜ਼ ਸਾਰਾ ਦਿਨ ਧੁੱਪ ਵਿੱਚ ਕਿਓਂ ਚੱਕਰ ਲਗਾਉਂਦੇ ਰਹਿੰਦੇ ਹਨ। ਓਹ ਉੰਨ੍ਹਾਂ ਦੀ ਰੋਜ਼ ਦੀ ਨਕਲ ਤੋਂ ਤੰਗ ਆ ਕੇ ਬੋਲਿਆ, "ਅੱਬਾ, ਮੈਨੂੰ ਇਹਨਾਂ ਜਹਾਜ਼ਾਂ ਤੋਂ ਡਾਹਡਾ ਡਰ ਲਗ ਰਿਹਾ। ਤੁਸੀਂ ਇਹਨਾਂ ਨੂੰ ਚਲਾਉਣ ਵਾਲਿਆਂ ਨੂੰ ਕਹਿ ਦਿਓ ਕੇ ਸਾਡੇ ਘਰ ਉੱਤੋਂ ਨਾ ਲੰਘਿਆ ਕਰਨ।"
"ਖੂਬ! .... ਕਿਤੇ ਪਾਗਲ ਤਾਂ ਨਹੀਂ ਹੋ ਗਿਆ ਖ਼ਾਲਿਦ!"
"ਅੱਬਾ, ਇਹ ਜਹਾਜ਼ ਬਹੁਤ ਖੌਫਨਾਕ ਹਨ। ਤੁਹਾਨੂੰ ਨਹੀਂ ਪਤਾ, ਇਹ ਕਿਸੀ ਨਾ ਕਿਸੀ ਦਿਨ ਸਾਡੇ ਘਰ ਤੇ ਗੋਲਾ ਸੁੱਟ ਦੇਣਗੇ। ਕਲ ਸਵੇਰੇ ਮਾਮਾ ਅੰਮੀ ਨੂੰ ਕਹਿ ਰਹੀ ਸੀ, ਕਿ ਇੰਨਾਂ ਜਹਾਜ਼ ਵਾਲਿਆਂ ਕੋਲ ਬਹੁਤ ਗੋਲੇ ਹਨ। ਜੇ ਇਹਨਾਂ ਨੇ ਇਸ ਤਰ੍ਹਾਂ ਦੀ ਕੋਈ ਸ਼ਰਾਰਤ ਕੀਤੀ, ਤਾਂ ਯਾਦ ਰੱਖਣ ਮੇਰੇ ਕੋਲ ਵੀ ਇੱਕ ਬੰਦੂਕ ਹੈ। ਉਹੀ ਜੋ ਤੁਸੀਂ ਮੈਨੂੰ ਪਿੱਛਲੀ ਈਦ ਤੇ ਦਿੱਤੀ ਸੀ।"
ਖ਼ਾਲਿਦ ਦਾ ਪਿਓ ਆਪਨੇ ਲੜਕੇ ਦੀ ਗੈਰ-ਮਾਮੂਲੀ ਹਿੰਮਤ ਤੇ ਹੱਸ ਪਿਆ। "ਮਾਮਾ ਤਾਂ ਪਾਗਲ ਹੈ, ਮੈਂ ਓਹਨਾਂ ਨੂੰ ਪੁੱਛਾਂਗਾ ਕਿ ਉਹ ਘਰ ਵਿੱਚ ਇਹੋ ਜਿਹੀਆਂ ਗੱਲਾਂ ਕਿਓਂ ਕਰਦੇ ਨੇ। ਤੂੰ ਠੰਡ ਰੱਖ, ਓਹ ਇਹੋ ਜਿਹੀ ਗੱਲ ਬਿਲਕੁਲ ਨਹੀਂ ਕਰਨਗੇ।"
ਆਪਨੇ ਵਾਲਿਦ ਤੋਂ ਰੁਖਸਤ ਹੋ ਕੇ ਖ਼ਾਲਿਦ ਆਪਣੇ ਕਮਰੇ ਵਿਚ ਚਲਾ ਗਿਆ। ਅਤੇ ਹਵਾਈ ਬੰਦੂਕ ਕੱਢ ਕੇ ਨਿਸ਼ਾਨਾ ਸਾਧਣ ਵਿੱਚ ਲੱਗ ਗਿਆ, ਤਾਂਕਿ ਉਸ ਦਿਨ, ਜਦ ਹਵਾਈ  ਜਹਾਜ਼ ਵਾਲੇ ਗੋਲਾ ਸਿੱਟਣ, ਤਾਂ ਉਸਦਾ ਨਿਸ਼ਾਨਾ ਖਰਾਬ ਨਾ ਜਾਏ।  ਅਤੇ ਉਹ ਪੂਰੀ ਤਰ੍ਹਾਂ ਇੰਤਕਾਮ ਲੈ ਸਕੇ। ਕਾਸ਼! ਇੰਤਕਾਮ ਦਾ ਇਹੀ ਨੰਨ੍ਹਾ ਜਜ਼ਬਾ ਹਰ ਸ਼ਕਸ ਵਿੱਚ ਤਕਸੀਮ ਹੋ ਜਾਵੇ।
ਉਸ ਅਰਸੇ ਵਿੱਚ, ਜਿਸ ਵੇਲੇ ਇੱਕ ਨੰਨ੍ਹਾ ਬੱਚਾ ਆਪਣੇ ਇੰਤਕਾਮ ਲੈਣ ਦੀ ਫ਼ਿਕਰ ਵਿੱਚ ਡੁੱਬਾ ਹੋਇਆ, ਤਰਾਂ-ਤਰਾਂ ਦੇ ਮਨਸੂਬੇ ਬੰਨ੍ਹ ਰਿਹਾ ਸੀ, ਘਰ ਦੇ ਦੂਸਰੇ ਹਿੱਸੇ ਵਿੱਚ ਖ਼ਾਲਿਦ ਦਾ ਪਿਓ ਆਪਣੀ ਬੀਵੀ ਕੋਲ ਬੈਠਾ ਹੋਇਆ, ਮਾਮਾ ਨੂੰ ਹਿਦਾਇਤ ਕਰ ਰਿਹਾ ਸੀ, ਕਿ ਉਹ ਅੱਗੇ ਤੋਂ ਘਰ ਵਿਚ ਇਸ ਕਿਸਮ ਦੀ ਕੋਈ ਗੱਲ ਨਾ ਕਰੇ ਜਿਸ ਨਾਲ ਖ਼ਾਲਿਦ ਨੂੰ ਦਹਿਸ਼ਤ ਹੋਵੇ।
ਮਾਮਾ ਅਤੇ ਬੀਵੀ ਨੂੰ ਇਸ ਕਦਰ ਦੀ ਮਜ਼ੀਦ ਹਿਦਾਇਅਤ ਦੇ ਕੇ ਉਹ ਹਾਲੇ ਵੱਡੇ ਦਰਵਾਜ਼ੇ ਤੋਂ ਬਾਹਰ ਜਾ ਰਿਹਾ ਸੀ, ਕਿ ਨੌਕਰ ਇੱਕ ਦਹਸ਼ਤਨਾਕ ਖ਼ਬਰ ਲਿਆਇਆ। ਕਿ ਸ਼ਹਿਰ ਦੇ ਲੋਕ ਬਾਦਸ਼ਾਹ ਦੇ ਮਨਾਂ ਕਰਨ ਤੇ ਵੀ ਸ਼ਾਮ ਦੇ ਕਰੀਬ ਇੱਕ ਆਮ ਜਲਸਾ ਕਰਨ ਵਾਲੇ ਹਨ ਅਤੇ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਕੋਈ ਨਾ ਕੋਈ ਹਾਦਸਾ ਜ਼ਰੂਰ ਪੇਸ਼ ਆ ਕੇ ਰਹੇਗਾ।
ਖ਼ਾਲਿਦ ਦਾ ਪਿਓ ਇਹ ਗੱਲ ਸੁਣ ਕੇ ਬਹੁਤ ਡਰ ਗਿਆ। ਹੁਣ ਉਸਨੂੰ ਯਕੀਨ ਹੋ ਗਿਆ ਕਿ ਹਵਾ ਵਿੱਚ ਗੈਰ-ਮਾਮੂਲੀ ਸੁਕੂਨ, ਉਡਣ-ਖਟੋਲਿਆਂ ਦੀ ਉਡਾਰੀ, ਬਾਜ਼ਾਰਾਂ ਵਿੱਚ ਹਥਿਆਰਬੰਦ ਪੁਲਸ ਦੀ ਗਸ਼ਤ, ਲੋਕਾਂ ਦੇ ਚੇਹਰੇ ਤੇ ਉਦਾਸੀ ਦਾ ਆਲਮ, ਅਤੇ ਹਨੇਰੀਆਂ ਦੀ ਆਮਦ, ਕਿਸੀ ਖੌਫਨਾਕ ਹਾਦਸੇ ਦਾ ਸਿਰਲੇਖ ਬੰਨ੍ਹਦੀ ਸੀ।
ਓਹ ਹਾਦਸਾ ਕਿਸ ਮਿਜਾਜ਼ ਦਾ ਹੋਵੇਗਾ? ...ਇਹ ਖ਼ਾਲਿਦ ਦੇ ਪਿਓ ਦੀ ਤਰ੍ਹਾਂ ਕਿਸੇ ਨੂੰ ਵੀ ਪਤਾ ਨਹੀਂ ਸੀ। ਪਰ ਫ਼ਿਰ ਵੀ ਸਾਰਾ ਸ਼ਹਿਰ ਕਿਸੀ ਲਾਪਤਾ ਖੌਫ਼ ਵਿਚ ਲਿਪਟਿਆ ਹੋਇਆ ਸੀ।
ਬਾਹਰ ਜਾਣ ਦੇ ਖਿਆਲ ਨੂੰ ਮੁਲਤਵੀ ਕਰਕੇ ਖ਼ਾਲਿਦ ਦਾ ਪਿਓ ਹਾਲੇ ਕਪੜੇ ਵੀ ਬਦਲ ਨਹੀਂ ਸਕਿਆ ਸੀ, ਕਿ ਉਡਣ-ਖਟੋਲਿਆਂ ਦਾ ਜ਼ੋਰ ਬੁਲੰਦ ਹੋ ਗਿਆ। ਉਹ ਸਹਿਮ ਗਿਆ....ਉਸਨੂੰ ਇੱਦਾਂ ਲੱਗਾ, ਜਿਵੇਂ ਸੈਂਕੜੇ ਇੰਸਾਨ ਇਕ-ਸੁਰ ਆਵਾਜ਼ ਵਿੱਚ ਦਰਦ ਦੀ ਸ਼ਿੱਦਤ ਤੋਂ ਕਰਾਹ ਰਹੇ ਹਨ।
ਖ਼ਾਲਿਦ ਉਡਣ-ਖਟੋਲਿਆਂ ਦਾ ਸ਼ੋਰ-ਗੁਲ ਸੁਣ ਕੇ ਆਪਣੀ ਹਵਾਈ ਬੰਦੂਕ ਸੰਭਾਲਦਾ ਹੋਇਆ ਕਮਰੇ ਤੋਂ ਬਾਹਰ ਦੌੜਿਆ ਆਇਆ। ਅਤੇ ਉਹਨਾਂ ਨੂੰ ਗੌਰ  ਨਾਲ ਵੇਖਣ ਲੱਗਾ। ਤਾਂਕਿ ਉਹ ਜਿਸ ਵੇਲੇ ਗੋਲਾ ਸੁੱਟਣ ਲੱਗਣ, ਤਾਂ ਉਹ ਆਪਣੀ ਹਵਾਈ ਬੰਦੂਕ ਦੀ ਮਦਦ ਨਾਲ ਉਹਨਾਂ ਨੂੰ ਥੱਲੇ ਸੁੱਟ ਦੇਵੇ। ਉਸ ਵੇਲੇ ਛੇ ਸਾਲ ਦੇ ਬੱਚੇ ਦੇ ਚੇਹਰੇ ਤੇ ਅਜੇਹੇ ਲੋਹ-ਦਾਰ ਸਬਰ ਦੇ ਇਰਾਦੇ ਦੇ ਆਸਾਰ ਝਲਕ ਰਹੇ ਸਨ, ਜਿਹੜੇ ਇੱਕ ਨਕਲੀ ਬੰਦੂਕ ਦਾ ਖਿਡਾਉਣਾ ਹੱਥ ਵਿੱਚ ਫੜ੍ਹੇ ਹੋਏ ਕਿਸੇ ਜਰੀ ਸਿਪਾਹੀ ਨੂੰ ਸ਼ਰਮਿੰਦਾ ਕਰ ਰਹੇ ਸਨ। ਪ੍ਰਤੀਤ ਹੁੰਦਾ ਸੀ, ਕਿ ਅੱਜ ਉਸ ਚੀਜ਼ ਨੂੰ, ਜੋ ਉਸਨੂੰ ਅਰਸੇ ਤੋਂ ਡਰਾ ਰਹੀ ਸੀ, ਮਿਟਾਉਣ ਤੇ ਤੁਲਿਆ ਹੋਇਆ ਹੈ।
ਖ਼ਾਲਿਦ ਦੇ ਦੇਖਦੇ ਦੇਖਦੇ ਇੱਕ ਜਹਾਜ਼ ਤੋਂ ਕੁੱਝ ਚੀਜ਼ ਡਿੱਗੀ। ਜਿਹੜੀ ਕਾਗਜ਼ ਦੇ ਛੋਟੇ-ਛੋਟੇ ਟੁਕੜਿਆਂ ਵਰਗੀ ਜਾਪਦੀ ਸੀ।  ਡਿੱਗਦੀਆਂ ਸਾਰ ਹੀ ਇਹ ਟੁਕੜੇ ਹਵਾ ਵਿੱਚ ਪਤੰਗਾਂ ਵਾਂਗ ਉੱਡਣ ਲੱਗੇ। ਇਹਨਾਂ ਵਿੱਚੋਂ ਕੁੱਝ ਖ਼ਾਲਿਦ ਦੇ ਮਕਾਨ ਦੀ ਨਿੱਕੀ ਛੱਤ ਤੇ ਵੀ ਡਿੱਗੇ। ਖ਼ਾਲਿਦ ਭੱਜਦਾ ਹੋਇਆ ਉੱਪਰ ਗਿਆ। ਅਤੇ ਕਾਗਜ਼ ਚੁੱਕ ਲਿਆਇਆ।
"ਅੱਬਾ ਜੀ, ਮਾਮਾ ਤਾਂ ਸਚਮੁਚ ਝੂਠ ਕਹਿ ਰਹੀ ਸੀ।  ਜਹਾਜ਼ ਵਾਲਿਆਂ ਨੇ ਤਾਂ ਗੋਲੀਆਂ ਦੀ ਥਾਂ ਇਹ ਕਾਗਜ਼ ਸੁੱਟੇ ਹਨ। "
ਖ਼ਾਲਿਦ ਦੇ ਪਿਓ ਨੇ ਉਹ ਕਾਗਜ਼ ਲੈ ਕੇ ਪੜ੍ਹਨਾ ਸ਼ੁਰੂ ਕੀਤਾ। ਤਾਂ ਰੰਗ ਫਿੱਕਾ ਹੋ ਗਿਆ। ਹੋਣ ਵਾਲੇ ਹਾਦਸੇ ਦੀ ਤਸਵੀਰ ਹੁਣ ਉਸਨੂੰ ਸਾਹਮਣੇ ਨਜ਼ਰ ਆਉਣ ਲੱਗੀ। ਇਸ ਇਸ਼ਤਿਹਾਰ ਵਿੱਚ ਸਾਫ਼ ਲਿਖਿਆ ਸੀ। ਕਿ ਬਾਦਸ਼ਾਹ ਕਿਸੀ ਜਲਸਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਅਤੇ ਜੇ ਉਸ ਦੀ ਮਰਜ਼ੀ ਦੇ ਖਿਲਾਫ਼ ਕੋਈ ਜਲਸਾ ਕੀਤਾ ਗਿਆ। ਤਾਂ ਨਤੀਜੇ ਦੀ ਜਿੱਮੇਦਾਰ ਆਪ ਜਨਤਕ ਹੋਵੇਗੀ।
ਆਪਣੇ ਵਾਲਿਦ ਨੂੰ ਇਸ਼ਤਿਹਾਰ ਪੜ੍ਹਨ ਤੋਂ ਬਾਅਦ ਇਸ ਕਦਰ ਹੈਰਾਨ-ਓ-ਪਰੇਸ਼ਾਨ ਵੇਖ ਕੇ ਖ਼ਾਲਿਦ ਨੇ ਘਬਰਾਂਦੇ ਹੋਏ ਕਿਹਾ। "ਇਸ ਕਾਗਜ਼ ਤੇ ਇਹ ਤਾਂ ਨਹੀਂ ਲਿਖਿਆ ਕਿ ਉਹ ਸਾਡੇ ਘਰ ਤੇ ਗੋਲੇ ਸੁੱਟਣਗੇ?"
"ਖ਼ਾਲਿਦ , ਇਸ ਵੇਲੇ ਤੂੰ ਜਾ! ...ਜਾਕੇ ਆਪਣੀ ਬੰਦੂਕ ਨਾਲ ਖੇਡ!"
"ਪਰ ਇਸ ਤੇ ਲਿਖਿਆ ਕੀ ਹੈ?"
"ਲਿਖਿਆ ਹੈ ਕਿ ਅੱਜ ਸ਼ਾਮ ਨੂੰ ਇੱਕ ਤਮਾਸ਼ਾ ਹੋਵੇਗਾ।" ਖ਼ਾਲਿਦ ਦੇ ਪਿਓ ਨੇ ਗੱਲ ਦੀ ਤਾਸੀਰ ਨੂੰ ਗੰਭੀਰ ਰੁੱਖ ਦੇਣ ਦੇ ਡਰ ਤੋਂ ਝੂਠ ਬੋਲਦੇ ਹੋਏ ਕਿਹਾ।
"ਤਮਾਸ਼ਾ ਹੋਵੇਗਾ!... ਫ਼ਿਰ ਤਾਂ ਅਸੀਂ ਵੀ ਚੱਲਾਂਗੇ ਨਾ!"
"ਕੀ ਕਿਹਾ?"
"ਕੀ ਇਸ ਤਮਾਸ਼ੇ ਵਿਚ ਤੁਸੀਂ ਮੈਨੂੰ ਨਾ ਲੈ ਜਾਵੋਗੇ?"
"ਲੈ ਜਾਵਾਂਗੇ!...ਹੁਣ ਜਾਓ ਜਾ ਕੇ ਖੇਡੋ।"
"ਕਿੱਥੇ ਖੇਡਾਂ? ... ਬਾਜ਼ਾਰ ਵਿਚ ਤੁਸੀਂ ਜਾਣ ਨਹੀਂ ਦਿੰਦੇ। ਮਾਮਾ ਮੇਰੇ ਨਾਲ ਖੇਡਦੀ ਨਹੀਂ, ਮੇਰਾ ਜਮਾਤੀ ਤੁਫੈਲ ਵੀ ਅੱਜ-ਕਲ ਇੱਥੇ ਨਹੀਂ ਆਉਂਦਾ। ਹੁਣ ਮੈਂ ਖੇਡਾਂ ਤਾਂ ਕਿਸ ਨਾਲ ਖੇਡਾਂ? .. ਸ਼ਾਮ ਦੇ ਵੇਲੇ ਤਮਾਸ਼ਾ ਦੇਖਣ ਤਾਂ ਜ਼ਰੂਰ ਚੱਲਾਂਗੇ ਨਾ?"
ਕਿਸੀ ਜਵਾਬ ਦਾ ਇੰਤਜ਼ਾਰ ਕੀਤੇ ਬਗੈਰ ਖ਼ਾਲਿਦ ਕਮਰੇ ਵਿੱਚੋਂ ਬਾਹਰ ਚਲਾ ਗਿਆ। ਅਤੇ ਵੱਖਰੇ ਕਮਰਿਆਂ ਵਿੱਚੋਂ ਆਵਾਰਾ ਫਿਰਦਾ ਹੋਇਆ ਆਪਣੇ ਵਾਲਿਦ ਦੀ ਬੈਠਕ ਵਿੱਚ ਜਾ ਪਹੁੰਚਿਆ। ਜਿਸ ਦੀਆਂ ਖਿੜਕੀਆਂ ਬਾਜ਼ਾਰ ਦੇ ਵੱਲ ਖੁਲਦੀਆਂ ਸਨ। ਖਿੜਕੀ ਦੇ ਨੇੜੇ ਬੈਠ ਕੇ ਓਹ ਬਾਜ਼ਾਰ ਵਾਲ ਝਾਂਕਣ ਲੱਗਾ।
ਕੀ ਵੇਖਦਾ ਹੈ ਕਿ ਬਾਜ਼ਾਰ ਵਿੱਚ ਦੁਕਾਨਾਂ ਤਾਂ ਬੰਦ ਹਨ। ਪਰ ਆਉਣਾ-ਜਾਣਾ ਜਾਰੀ ਹੈ...ਲੋਕ ਜਲਸੇ ਵਿੱਚ ਸ਼ਰੀਕ ਹੋਣ ਲਈ ਜਾ ਰਹੇ ਸੀ। ਉਹ ਡਾਹਡਾ ਹੈਰਾਨ ਸੀ। ਦੋ ਤਿੰਨ ਦਿਨਾਂ ਤੋਂ ਦੁਕਾਨਾਂ ਕਿਓਂ ਬੰਦ ਰਹਿੰਦੀਆਂ ਹਨ, ਇਸ ਮਸਲੇ ਦੇ ਹੱਲ ਲਈ ਉਸ ਨੇ ਆਪਣੇ ਨੰਨ੍ਹੇ ਦਿਮਾਗ ਤੇ ਬਹੁਤ ਜ਼ੋਰ ਪਾਇਆ ਪਰ ਕੋਈ ਨਤੀਜਾ ਬਰਾਮਦ ਨਹੀਂ ਕਰ ਸਕਿਆ।
ਬਹੁਤ ਗੌਰ-ਵਿਚਾਰ ਤੋਂ ਬਾਅਦ ਉਸ ਨੇ ਇਹ ਸੋਚਿਆ ਕਿ ਲੋਕਾਂ ਨੇ ਇਸ ਤਮਾਸ਼ੇ ਨੂੰ ਵੇਖਣ ਲਈ , ਜਿਸ ਦੇ ਇਸ਼ਤਿਹਾਰ ਜਹਾਜ਼ ਵੰਡ ਰਹੇ ਸੀ, ਦੁਕਾਨਾਂ ਬੰਦ ਰੱਖੀਆਂ ਹਨ। ਹੁਣ ਉਸਨੂੰ ਖਿਆਲ ਆਇਆ। ਕਿ ਉਹ ਕੋਈ ਬੇਹੱਦ ਹੀ ਦਿਲਚਸਪ ਤਮਾਸ਼ਾ ਹੋਵੇਗਾ। ਜਿਸ ਲਈ ਤਮਾਮ ਬਾਜ਼ਾਰ ਬੰਦ ਹੈ। ਇਸ ਖ਼ਿਆਲ ਨੇ ਖ਼ਾਲਿਦ ਨੂੰ ਸੱਖਤ ਬੇਚੈਨ ਕਰ ਦਿੱਤਾ। ਤੇ ਉਹ ਉਸ ਵੇਲੇ ਦਾ ਅੱਤ ਬੇਕ਼ਰਾਰੀ ਨਾਲ ਇੰਤਜ਼ਾਰ ਕਰਨ ਲੱਗਾ। ਜਦ ਉਸ ਦਾ ਅੱਬਾ ਉਸ ਨੂੰ ਤਮਾਸ਼ਾ ਵਿਖਾਉਣ ਨੂੰ ਲੈ ਚੱਲੇ।
ਵੇਲਾ ਗੁਜ਼ਰਦਾ ਗਿਆ...ਓਹ ਖ਼ੂਨੀ ਘੜੀ ਨੇੜੇ ਆਉਂਦੀ ਗਈ।
ਤੀਜੇ-ਪਹਿਰ ਦਾ ਵੇਲਾ ਸੀ। ਖ਼ਾਲਿਦ, ਉਸ ਦਾ ਪਿਓ ਅਤੇ ਵਾਲਿਦਾ ਸੇਹਨ ਵਿੱਚ ਖਾਮੋਸ਼ ਬੈਠੇ ਏਕ ਦੂਜੇ ਵੱਲ ਖਾਮੋਸ਼ ਨਿਗਾਹਾਂ ਨਾਲ ਵੇਖ ਰਹੇ ਸਨ...ਹਵਾ ਸਿਸਕੀਆਂ ਭਰਦੀ ਹੋਈ ਚਲ ਰਹੀ ਸੀ।
ਤੜ ਤੜ ਤੜ ਤੜ............
ਇਹ ਆਵਾਜ਼ ਸੁਣਦੇ ਹੀ ਖ਼ਾਲਿਦ ਦੇ ਪਿਓ ਦੇ ਚਿਹਰੇ ਦਾ ਰੰਗ ਕਾਗ਼ਜ਼ ਵਾਂਗ ਸਫੇਦ ਹੋ ਗਿਆ। ਜ਼ਬਾਨ ਤੋਂ ਮੁਸ਼ਕਿਲ ਨਾਲ ਇੰਨਾਂ ਹੀ ਕਹਿ ਸਕਿਆ... "ਗੋਲੀ...."
ਖ਼ਾਲਿਦ ਦੀ ਮਾਂ ਫ਼ਰਤ-ਏ-ਖੌਫ਼ ਨਾਲ ਇੱਕ ਲਫਜ਼ ਵੀ ਮੂੰਹ ਤੋਂ ਨਾ ਕੱਡ ਸਕੀ। ਗੋਲੀ ਦਾ ਨਾਮ ਸੁਣਦੇ ਹੀ ਉਸਨੂੰ ਇੱਦਾਂ ਜਾਪਿਆ ਜਿਵੇਂ ਖ਼ੁਦ ਉਸਦੀ ਛਾਤੀ ਵਿੱਚ ਗੋਲੀ ਉਤਰ ਰਹੀ ਹੈ।
ਖ਼ਾਲਿਦ ਇਹ ਆਵਾਜ਼ ਨੂੰ ਸੁਣਦੇ ਹੀ ਆਪਣੇ ਵਾਲਿਦ ਦੀ ਉਂਗਲ ਫੜ੍ਹ ਕੇ ਕਹਿਣ ਲੱਗਾ।
"ਅੱਬਾ ਜੀ ਚਲੋ ਚਲੀਏ ! ਤਮਾਸ਼ਾ ਤਾਂ ਸ਼ੁਰੂ ਹੋ ਗਿਆ ਹੈ!"
"ਕੇਹੜਾ ਤਮਾਸ਼ਾ? ਖ਼ਾਲਿਦ ਦੇ ਪਿਓ ਨੇ ਆਪਣੇ ਖੌਫ਼ ਨੂੰ ਲੁਕਾਉਂਦਿਆਂ ਹੋਇਆ ਕਿਹਾ।
ਉਹੀ ਤਮਾਸ਼ਾ ਜਿਸ ਦੇ ਇਸ਼ਿਤਿਹਾਰ  ਅੱਜ ਸਵੇਰੇ ਵੰਡ ਰਹੇ ਸਨ...ਖੇਲ ਸ਼ੁਰੂ ਹੋ ਗਿਆ। ਤਾਂ ਹੀ ਤਾਂ ਇੰਨੇ ਪਟਾਖਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ।"
"ਹਾਲੇ ਬਹੁਤ ਸਮਾਂ ਬਾਕੀ ਹੈ, ਤੂੰ ਰੌਲਾ ਨਾ ਪਾ...ਖ਼ੁਦਾ ਦੇ ਲਈ ਹੁਣ ਜਾ, ਮਾਮਾ ਕੋਲ ਜਾ ਕੇ ਖੇਡ!" ਖ਼ਾਲਿਦ ਇਹ ਸੁਣਦੇ ਹੀ ਰਸੋਈ ਵੱਲ ਗਿਆ। ਪਰ ਉੱਥੇ ਮਾਮਾ ਨੂੰ ਨਾ ਪਾ ਕੇ ਆਪਣੇ ਵਾਲਿਦ ਦੀ ਬੈਠਕ ਵਿੱਚ ਚਲਾ ਗਿਆ। ਤੇ ਖਿੜਕੀ ਤੋਂ ਬਾਜ਼ਾਰ ਵੱਲ ਵੇਖਣ ਲੱਗਾ।
ਬਾਜ਼ਾਰ ਆਣ-ਜਾਣ ਬੰਦ ਹੋ ਜਾਣ ਕਰ ਕੇ ਸੈਂ-ਸੈਂ ਕਰ ਰਿਹਾ ਸੀ....ਦੂਰ ਫ਼ਾਸਲੇ ਤੋਂ ਕੁੱਤਿਆਂ ਦੀਆਂ ਦਰਦਨਾਕ ਚੀਖਾਂ ਸੁਣਾਈ ਦੇ ਰਹੀਆਂ ਸਨ। ਚੰਦ ਲਮਹਿਆਂ ਬਾਅਦ ਓਹਨਾਂ ਚੀਕਾਂ ਵਿੱਚ ਇੰਸਾਨ ਦੀ ਦਰਦਨਾਕ ਆਵਾਜ਼ ਵੀ ਸ਼ਾਮਿਲ ਹੋ ਗਈ।
ਖ਼ਾਲਿਦਕਿਸੀ ਨੂੰ ਕਰਾਹੁੰਦੇ ਹੋਏ ਸੁਣ ਕੇ ਬਹੁਤ ਹੈਰਾਨ ਹੋਇਆ। ਹਾਲੇ ਉਹ ਇਸ ਆਵਾਜ਼ ਦੀ ਤਲਾਸ਼ ਦੀ ਕੋਸ਼ਿਸ਼ ਹੀ ਕਰ ਰਿਹਾ ਸੀ। ਕਿ ਚੌਂਕ ਵਿੱਚ ਉਸਨੂੰ ਇੱਕ ਲੜਕਾ ਦਿਖਾਈ ਦਿੱਤਾ। ਜੋ ਚੀਖਦਾ, ਚਿੱਲਾਂਦਾ, ਭੱਜਦਾ ਚੱਲਿਆ ਆ ਰਿਹਾ ਸੀ।
ਖ਼ਾਲਿਦ ਦੇ ਘਰ ਦੇ ਐਨ ਸਾਹਮਣੇ ਉਹ ਲੜਕਾ ਲੜਖੜਾ ਕੇ ਡਿੱਗਾ। ਅਤੇ ਡਿੱਗਦੇ ਹੀ ਬੇਹੋਸ਼ ਹੋ ਗਿਆ...ਉਸ ਦੀ ਪਿੰਡਲੀ ਤੇ ਇੱਕ ਜ਼ਖਮ ਸੀ। ਜਿਸ ਤੋਂ ਫੁਹਾਰਿਆਂ ਵਿੱਚ ਖੂਨ ਨਿਕਲ ਰਿਹਾ ਸੀ।
ਇਹ ਸਮਾਂ ਦੇਖ ਕੇ ਖ਼ਾਲਿਦ ਬਹੁਤ ਡਰ ਗਿਆ। ਭੱਜ ਕੇ ਆਪਣੇ ਵਾਲਿਦ ਕੋਲ ਗਿਆ। ਤੇ ਕਹਿਣ ਲੱਗਾ।"ਅੱਬਾ, ਅੱਬਾ, ਬਾਜ਼ਾਰ ਵਿੱਚ ਇੱਕ ਲੜਕਾ ਡਿੱਗ ਪਿਆ  ਹੈ....ਉਸ ਦੀ ਲੱਤ ਤੋਂ ਬਹੁਤ ਖੂਨ ਨਿਕਲ ਰਿਹਾ ਹੈ।"
ਇਹ ਸੁਣਦੇ ਹੀ ਖ਼ਾਲਿਦ ਦਾ ਪਿਓ ਖਿੜਕੀ ਵੱਲ ਗਿਆ। ਅਤੇ ਵੇਖਿਆ ਕਿ ਅਸਲੀਅਤ ਵਿੱਚ ਹੀ ਇੱਕ ਨੌਜਵਾਨ ਲੜਕਾ ਬਾਜ਼ਾਰ ਵਿੱਚ ਔੰਧੇ ਮੂੰਹ ਪਿਆ ਹੈ।
ਬਾਦਸ਼ਾਹ ਦੇ ਖੌਫ਼ ਤੋਂ ਉਸਦੀ ਜੁਰਤ ਨਾ ਹੋਈ। ਕਿ ਉਸ ਲੜਕੇ ਨੂੰ ਸੜਕ ਤੋਂ ਚੱਕ ਕੇ ਸਾਹਮਣੇ ਵਾਲੀ ਦੁਕਾਨ ਦੇ ਪਟਰੇ ਤੇ ਲਿਟਾ ਦੇਵੇ...
ਬੇਸਾਜ਼-ਓ-ਬਰਗ ਅਫਰਾਦ ਨੂੰ ਚੱਕਣ ਲਈ ਹੁਕੂਮਤ ਦੇ ਅਰਬਾਬ-ਏ-ਹਲ-ਓ-ਅਕਦ ਨੇ ਲੋਹੇ ਦੀਆਂ ਗੱਡੀਆਂ ਮੁਹਈਆ ਕਰ ਰੱਖੀਆਂ ਹਨ। ਪਰ ਇਸ ਮਾਸੂੰਮ ਬੱਚੇ ਦੀ ਬੇਜਾਨ ਦੇਹ ਜੋ ਉਨ੍ਹਾਂ ਦੇ ਲੋਹੇ-ਦੇ-ਜ਼ੁਲਮ ਦਾ ਸ਼ਿਕਾਰ ਸੀ। ਓਹ ਨੰਨ੍ਹਾ ਪੌਦਾ ਜੋ ਉਨ੍ਹਾਂ ਦੇ ਹੱਥੋਂ ਹੀ ਮਸਲਿਆ ਗਿਆ ਸੀ। ਉਹ ਕੋਂਪਲ ਜੋ ਖਿੜਣ ਤੋਂ ਪਹਿਲਾਂ ਹੀ ਓਹਨਾਂ ਦੀ ਹੀ ਅਤਾ ਕਰਦਾ ਬਾਦ-ਏ-ਸੁਮੂਮ ਤੋਂ ਝੁਲਸ ਗਈ ਸੀ। ਕਿਸੀ ਦੇ ਦਿਲ ਦੀ ਰਾਹਤ ਜੋ ਉਨ੍ਹਾਂ ਦੇ ਜੋਰ-ਓ-ਇਸਤਬਿਦਾਦ ਨੇ ਖੋਹ ਲਈ ਸੀ। ਹੁਣ ਓਹਨਾਂ ਦੀ ਹੀ ਤਿਆਰ ਕੀਤੀ ਸੜਕ ਤੇ....ਆਹ! ਮੌਤ ਭਿਆਨਕ ਹੈ, ਪਰ ਜ਼ੁਲਮ ਇਸ ਤੋਂ ਕਿਤੇ ਜ਼ਿਆਦਾ ਖੌਫਨਾਕ ਤੇ ਭਿਆਨਕ ਹੈ।
"ਅੱਬਾ ਇਸ ਲੜਕੇ ਨੂੰ ਕਿਸੀ ਨੇ ਕੁੱਟਿਆ ਹੈ?"
ਖ਼ਾਲਿਦ ਦਾ ਪਿਓ ਹਾਂ ਵਿੱਚ ਸਿਰ ਹਿਲਾਉਂਦਾ ਹੋਇਆ ਕਮਰੇ ਤੋਂ ਬਾਹਰ ਚਲਾ ਗਿਆ।
ਜਦ ਖ਼ਾਲਿਦ ਕਮਰੇ ਵਿੱਚ ਇਕੱਲਾ ਰਹਿ ਗਿਆ। ਤਾਂ ਸੋਚਣ ਲੱਗਾ। ਕਿ ਇਸ ਲੜਕੇ ਨੂੰ ਇੰਨੇ ਵੱਡੇ ਜ਼ਖਮ ਤੋਂ ਕਿੰਨੀ ਤਕਲੀਫ਼ ਹੋਈ ਹੋਵੇਗੀ। ਜਦਕਿ ਇੱਕ ਵਾਰ ਉਸਨੂੰ ਕਲਮ-ਤਰਾਸ਼ ਦੀ ਨੋਕ ਚੁਭਣ ਕਰ ਕੇ ਪੂਰੀ ਰਾਤ ਨੀਂਦ ਨਹੀਂ ਸੀ ਆਈ, ਅਤੇ ਉਸਦਾ ਪਿਓ ਤੇ ਮਾਂ , ਪੂਰੀ ਰਾਤ ਉਸਦੇ ਸਿਰਹਾਣੇ ਬੈਠੇ ਰਹੇ ਸਨ.
ਇਸ ਖਿਆਲ ਦੇ ਆਂਦੇ ਹੀ ਉਸਨੂੰ ਇਹ ਜਾਪਣ ਲੱਗਾ। ਕਿ ਉਹ ਜ਼ਖਮ ਆਪ ਉਸ ਦੀ ਪਿੰਡਲੀ ਵਿੱਚ ਹੈ। ਅਤੇ ਉਸ ਵਿੱਚ ਅੰਤਾਂ ਦੀ ਪੀੜ੍ਹ ਹੈ। ....ਇਓੰਸਾਰ ਉਹ ਰੋਣ ਲੱਗ ਗਿਆ।
ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਉਸ ਦੀ ਵਾਲਿਦਾ ਦੌੜੀ ਆਈ। ਅਤੇ ਉਸਨੂੰ ਗੋਦ ਵਿੱਚ ਲੈ ਕੇ ਪੁੱਛਣ ਲੱਗੀ।
"ਮੇਰੇ ਬੱਚੇ ਰੋ ਕਿਓਂ ਰਿਹਾ ਹੈਂ?"
"ਅੰਮੀ, ਉਸ ਲੜਕੇ ਨੂੰ ਕਿਸੀ ਨੇ ਮਾਰਿਆ ਹੈ?"
"ਸ਼ਰਾਰਤ ਕੀਤੀ ਹੋਵੇਗੀ ਇਸ ਨੇ?"
ਖ਼ਾਲਿਦ ਦੀ ਵਾਲਿਦਾ ਆਪਣੇ ਘਰਵਾਲੇ ਦੀ ਜ਼ਬਾਨੀ ਜ਼ਖਮੀ ਲੜਕੇ ਦੀ ਦਾਸਤਾਨ ਸੁਣ ਚੁਕੀ ਸੀ।
"ਮਗਰ ਸਕੂਲ ਵਿੱਚ ਤਾਂ ਸ਼ਰਾਤ ਕਰਨ ਤੇ ਛੜੀ ਨਾਲ ਸਜ਼ਾ ਦੇਂਦੇ ਹਨ। ਲਹੂ ਤਾਂ ਨਹੀਂ ਕਢਦੇ।" ਖ਼ਾਲਿਦ ਨੇ ਰੋਂਦੇ ਹੋਏ ਆਪਣੀ ਵਾਲਿਦਾ ਨੂੰ ਕਿਹਾ।
"ਛੜੀ ਜੋਰ ਨਾਲ ਲੱਗ ਗਈ ਹੋਵੇਗੀ!"
"ਤਾਂ ਫਿਰ ਕੀ ਏਸ ਲੜਕੇ ਦਾ ਵਾਲਿਦ ਸਕੂਲ ਵਿੱਚ ਜਾ ਕੇ ਉਸ ਉਸਤਾਦ ਤੇ ਨਾਰਾਜ਼ ਨਹੀਂ ਹੋਵੇਗਾ। ਜਿਸ ਨੇ ਇਸ ਲੜਕੇ ਨੂੰ ਇਸ ਕਦਰ ਮਾਰਿਆ ਹੈ। ਇੱਕ ਦਿਨ ਜਦ ਮਾਸਟਰ ਸਾਹਿਬ ਨੇ ਮੇਰੇ ਕੰਨ ਖਿੱਚ ਕੇ ਸੁਰਖ਼ ਕਰ ਦਿੱਤੇ ਸਨ ਤਾਂ ਅੱਬਾ ਜੀ ਨੇ ਹੇਡਮਾਸਟਰ ਕੋਲ ਜਾ ਕੇ ਸ਼ਿਕਾਇਤ ਕੀਤੀ ਸੀ ਨਾ?"
"ਇਸ ਲੜਕੇ ਦਾ ਮਾਸਟਰ ਬਹੁਤ ਵੱਡਾ ਆਦਮੀ ਹੈ।"
"ਅੱਲਾਹ ਮੀਆਂ ਤੋਂ ਵੀ ਵੱਡਾ?"
"ਨਹੀਂ ਓਹਨਾਂ ਤੋਂ ਛੋਟਾ ਹੈ।"
"ਤਾਂ ਫਿਰ ਓਹ ਅੱਲਾਹ ਮੀਆਂ ਕੋਲ ਸ਼ਿਕਾਇਤ ਕਰੇਗਾ।"
"ਖ਼ਾਲਿਦ ਹੁਣ ਦੇਰ ਹੋ ਗਈ ਹੈ, ਚੱਲੋ ਸੌਇਏ ।"
"ਅੱਲਾਹ ਮੀਆਂ! ਮੈਂ ਦੁਆ ਕਰਦਾ ਹਾਂ। ਕਿ ਤੂੰ ਉਸ ਮਾਸਟਰ ਨੂੰ ਜਿਸ ਨੇ ਇਸ ਲੜਕੇ ਨੂੰ ਕੁੱਟਿਆ ਹੈ। ਚੰਗੀ ਤਰ੍ਹਾਂ ਸਜ਼ਾ ਦੇ। ਅਤੇ ਇਸ ਛੜੀ ਨੂੰ ਖੋਹ ਲੈ ਜਿਸ ਦੀ ਵਰਤੋਂ ਨਾਲ ਖੂਨ ਨਿਕਲ ਆਉਂਦਾ ਹੈ....ਮੈਂ ਪਹਾੜੇ ਯਾਦ ਨਹੀ ਕੀਤੇ। ਇਸ ਲਈ ਮੈਨੂੰ ਡਰ ਹੈ। ਕਿ ਕਿਤੇ ਓਹੀ ਛੜੀ ਮੇਰੇ ਉਸਤਾਦ ਦੇ ਹੱਥ ਨਾ ਆ ਜਾਵੇ।.....ਜੇ ਤੂੰਮੇਰੀਆਂ ਗੱਲਾਂ ਨਾ ਮੰਨੀਆਂ, ਤਾਂ ਫਿਰ ਮੈਂ ਵੀ ਤੇਰੇ ਨਾਲ ਨਹੀਂ ਬੋਲਣਾ।"
ਸੌਂਦੇ ਵੇਲੇ ਖ਼ਾਲਿਦ ਦਿੱਲ ਵਿੱਚ ਦੁਆ ਮੰਗ ਰਿਹਾ ਸੀ।

No comments:

Post a Comment