- ਸਾਦਤ ਹਸਨ ਮੰਤੋ
ਬਟਵਾਰੇ ਦੇ ਦੋ-ਤਿੰਨ ਸਾਲ ਬਾਅਦ, ਪਾਕਿਸਤਾਨ ਅਤੇ ਹਿੰਦੂਸਤਾਨ ਦੀਆਂ ਸਰਕਾਰਾਂ ਨੂੰ ਇਹ ਖਿਆਲ ਆਇਆ ਕਿ ਨੈਤਿਕ ਅਪ੍ਰਾਧੀਆਂ ਦੇ ਵਾਂਕਣ ਪਾਗਲਾਂ ਦਾ ਤਬਾਦਲਾ ਵੀ ਹੋਣਾ ਚਾਹੀਦੈ। ਮਤਲਬ ਜੋ ਮੁਸਲਮਾਨ ਪਾਗਲ ਹਿੰਦੂਸਤਾਨ ਦੇ ਪਾਗਲਖਾਣਿਆਂ ਵਿੱਚ ਹਨ ਓਹਨਾਂ ਨੂੰ ਪਾਕਿਸਤਾਨ ਪਹੁੰਚਾ ਦਿੱਤਾ ਜਾਵੇ ਅਤੇ ਜੋ ਹਿੰਦੂ ਤੇ ਸਿੱਖ ਪਾਗਲ ਪਾਕਿਸਤਾਨ ਦੇ ਪਾਗਲ-ਖਾਣਿਆਂ ਵਿਚ ਮੌਜੂਦ ਹਨ ਓਹਨਾਂ ਨੂੰ ਹਿੰਦੂਸਤਾਨ ਦੇ ਹਵਾਲੇ ਕਰ ਦਿੱਤਾ ਜਾਵੇ।
ਪਤਾ ਨਹੀਂ, ਇਹ ਗੱਲ ਸਹੀ ਸੀ ਜਾਂ ਗ਼ਲਤ, ਪਰ ਵਿਦ੍ਵਾਨਾਂ ਦੇ ਫੈਸਲੇ ਮੁਤਾਬਕ, ਇੱਧਰ-ਓੱਧਰ, ਉੱਚੇ ਸਤ੍ਰ ਤੇ ਕਾਨ੍ਫ੍ਰੇੰਸਾਂ ਹੋਈਆਂ, ਅਤੇ ਆਖਿਰ ਵਿਚ ਇੱਕ ਦਿਨ ਪਾਗਲਾਂ ਦੇ ਤਬਾਦਲੇ ਲਈ ਤਹਿ ਹੋ ਗਿਆ। ਚੰਗੀ ਤਰ੍ਹਾਂ ਛਾਣ-ਬੀਨ ਕੀਤੀ ਗਈ। ਓਹ ਮੁਸਲਮਾਨ ਪਾਗਲ ਜਿੰਨਾ ਦੇ ਰਿਸ਼ਤੇਦਾਰ ਹਿੰਦੂਸਤਾਨ ਵਿਚ ਹੀ ਸਨ, ਓਥੇ ਹੀ ਰਹਿਣ ਦਿੱਤੇ ਗਏ, ਜੋ ਬਾਕੀ ਬਚੇ ਓਹਨਾਂ ਨੂੰ ਸਰਹੱਦ ਤੇ ਪਹੁੰਚਾ ਦਿੱਤਾ ਗਿਆ। ਇਥੇ ਪਾਕਿਸਤਾਨ ਵਿੱਚ, ਕਿਓਂਕਿ ਕਰੀਬ-ਕਰੀਬ ਸਾਰੇ ਹਿੰਦੂ-ਸਿੱਖ ਜਾ ਚੁਕੇ ਸਨ, ਇਸ ਲਈ ਕਿਸੀ ਦੇ ਰੱਖਣ-ਰਖਾਣ ਦਾ ਸੁਆਲ ਹੀ ਪੈਦਾ ਨਹੀਂ ਹੋਇਆ। ਜਿੰਨੇ ਹਿੰਦੂ-ਸਿੱਖ ਪਾਗਲ ਸਨ, ਸਾਰੇ ਦੇ ਸਾਰੇ, ਪੁਲਸ ਦੀ ਹਿਫ਼ਾਜ਼ਤ ਵਿਚ, ਸਰਹੱਦ ਤੇ ਪਹੁੰਚਾ ਦਿੱਤੇ ਗਏ।
ਓਧਰ ਦਾ ਤੇ ਪਤਾ ਨਹੀਂ। ਪਰ ਇੱਧਰ, ਲਾਹੋਰ ਦੇ ਪਾਗਲਖਾਣੇ ਵਿੱਚ, ਜਦ ਇਸ ਤਬਾਦਲੇ ਦੀ ਖ਼ਬਰ ਪਹੁੰਚੀ ਤਾਂ ਬੜੀਆਂ ਦਿਲਚਸਪ ਗੱਲਾਂ ਹੋਣ ਲੱਗੀਆਂ। ਇੱਕ ਮੁਸਲਮਾਨ ਪਾਗਲ ਤੋਂ, ਜੋ ਬਾਰਾਂ ਸਾਲਾਂ ਤੋਂ ਬਕਾਇਦਾ ਹਰ ਰੋਜ਼, "ਜ਼ਮੀਂਦਾਰ" ਪੜ੍ਹਦਾ ਸੀ, ਜਦ ਉਸ ਦੇ ਇਕ ਦੋਸਤ ਨੇ ਪੁੱਛਿਆ, "ਮੌਲਵੀ ਸਾਹਬ, ਇਹ ਪਾਕਿਸਤਾਨ ਕੀ ਹੁੰਦਾ ਹੈ?" ਤਾਂ ਉਸਨੇ ਬੜਾ ਸੋਚ ਸਮਝ ਕੇ ਜਵਾਬ ਦਿੱਤਾ -- "ਹਿੰਦੂਸਤਾਨ ਵਿੱਚ ਇੱਕ ਐਸੀ ਜਗਾਹ ਹੈ, ਜਿੱਥੇ ਉਸਤਰੇ ਬਣਾਉਂਦੇ ਹਨ।"
ਇਹ ਜਵਾਬ ਸੁਣ ਕੇ, ਉਸਦਾ ਦੋਸਤ ਸੰਤੁਸ਼ਟ ਹੋ ਗਿਆ।
ਇੱਸੇ ਤਰਹ ਇੱਕ ਸਿੱਖ ਪਾਗਲ ਨੇ ਦੂਸਰੇ ਸਿੱਖ ਪਾਗਲ ਤੋਂ ਪੁੱਛਿਆ, "ਸਰਦਾਰ ਜੀ, ਸਾਨੂੰ ਹਿੰਦੂਸਤਾਨ ਕਿਓਂ ਭੇਜਿਆ ਜਾ ਰਿਹਾ ਹੈ? ਸਾਨੂੰ ਤਾਂ ਓਥੋਂ ਦੀ ਬੋਲੀ ਵੀ ਨਹੀਂ ਆਉਂਦੀ।"
ਦੂਜਾ ਮੁਸਕੁਰਾਇਆ, "ਮੈਨੂੰ ਤਾਂ ਹਿੰਦੂਸਤਾਨ ਦੀ ਬੋਲੀ ਆਉਂਦੀ ਹੈ। ਹਿੰਦੂਸਤਾਨੀ ਬੜੇ ਸ਼ੈਤਾਨ, ਆਕੜ-ਆਕੜ ਫਿਰਦੇ ਹਨ।"
ਇੱਕ ਦਿਨ ਨਹਾਉਂਦੇ-ਨਹਾਉਂਦੇ ਇੱਕ ਮੁਸਲਮਾਨ ਪਾਗਲ ਨੇ "ਪਾਕਿਸਤਾਨ ਜ਼ਿੰਦਾਬਾਦ" ਦਾ ਨਾਅਰਾ ਇੰਨੇ ਜੋਰ ਨਾਲ ਲਾਇਆ ਕਿ ਫ਼ਰਸ਼ ਤੋਂ ਫਿਸਲ ਕੇ ਜਾ ਡਿੱਗਿਆ ਤੇ ਬੇਹੋਸ਼ ਹੋ ਗਿਆ।
ਕੁਝ ਪਾਗਲ ਇੱਦਾਂ ਦੇ ਵੀ ਸਨ, ਜੋ ਪਾਗਲ ਨਹੀ ਸਨ। ਇਹਨਾਂ ਵਿਚੋਂ ਜ਼ਿਆਦਾ ਤਦਾਦ ਐਸੇ ਕਾਤਲਾਂ ਦੀ ਸੀ, ਜਿੰਨਾਂ ਦੇ ਰਿਸ਼ਤੇਦਾਰਾਂ ਨੇ ਕੁਝ ਦੇ-ਦੁਆ ਕੇ ਓਹਨਾਂ ਨੂੰ ਪਾਗਲਖਾਣੇ ਭਿਜਵਾ ਦਿੱਤਾ ਸੀ ਤਾਂ ਜੋ ਫਾਂਸੀ ਦੇ ਫੰਦੇ ਤੋਂ ਬਚ ਜਾਣ। ਇਹ ਕੁਝ-ਕੁਝ ਸਮਝਦੇ ਸਨ ਕੇ ਹਿੰਦੂਸਤਾਨ ਦਾ ਬਟਵਾਰਾ ਕਿਓਂ ਹੋਇਆ ਹੈ ਅਤੇ ਪਾਕਿਸਤਾਨ ਕੀ ਹੈ। ਪਰ ਸਹੀ ਘਟਨਾਵਾਂ ਤੋਂ ਇਹ ਵੀ ਅਨਜਾਣ ਸਨ। ਅੱਖਬਾਰਾਂ ਤੋਂ ਕੁਝ ਪਤਾ ਨਹੀ ਲਗਦਾ ਸੀ ਅਤੇ ਪਹਿਰੇਦਾਰ ਸਿਪਾਹੀ ਅਨਪੜ੍ਹ ਤੇ ਮੂਰਖ ਸਨ; ਓਹਨਾਂ ਦੀ ਗੱਲ ਬਾਤ ਤੋਂ ਵੀ ਕੋਈ ਸਿੱਟਾ ਨਹੀਂ ਨਿਕਲਦਾ ਸੀ। ਓਹਨਾਂ ਨੂੰ ਸਿਰਫ ਇੰਨਾ ਪਤਾ ਸੀ ਕਿ ਇੱਕ ਆਦਮੀ ਮੁਹੰਮਦ ਅਲੀ ਜਿੰਨਾਹ ਹੈ, ਜਿਸਨੂੰ "ਕਾਇਦੇ ਆਜ਼ਮ" ਕਹਿੰਦੇ ਹਨ। ਉਸਨੇ ਮੁਸਲਮਾਨਾਂ ਲਈ ਇੱਕ ਵੱਖਰਾ ਦੇਸ਼ ਬਣਾਇਆ ਹੈ ਜਿਸ ਦਾ ਨਾਮ ਪਾਕਿਸਤਾਨ ਹੈ। ਇਹ ਕਿੱਥੇ ਹੈ, -- ਕਿੱਥੋਂ ਸ਼ੁਰੂ ਹੋਇਆ, ਕਿੱਥੇ ਮੁੱਕਦਾ ਹੈ -- ਇਸਦੇ ਬਾਰੇ ਉਹ ਕੁਝ ਨਹੀਂ ਜਾਣਦੇ ਸਨ। ਇਹੀ ਵਜ੍ਹਾ ਹੈ ਕਿ ਪਾਗਲਖਾਣੇ ਵਿੱਚ ਓਹ ਸਾਰੇ ਪਾਗਲ ਜਿੰਨਾਂ ਦਾ ਦਿਮਾਗ ਪੂਰੀ ਤਰਾਂ ਖ਼ਰਾਬ ਨਹੀਂ ਸੀ, ਇਸ ਅਸਮੰਜਸ ਵਿਚ ਸਨ ਕਿ ਓਹ ਹਿੰਦੂਸਤਾਨ ਵਿੱਚ ਹਨ ਜਾਂ ਪਾਕਿਸਤਾਨ ਵਿੱਚ। ਜੇ ਹਿੰਦੂਸਤਾਨ ਵਿੱਚ ਹਨ, ਤਾਂ ਪਾਕਿਸਤਾਨ ਕਿੱਥੇ ਹੈ ਅਤੇ ਜੇ ਪਾਕਿਸਤਾਨ ਵਿੱਚ ਹਨ, ਤਾਂ ਇਹ ਕਿੱਦਾਂ ਹੋ ਸਕਦਾ ਹੈ ਕਿ ਕੁਝ ਚਿਰ ਪਹਿਲੇ, ਉਹ ਇੱਥੇ ਰਹਿੰਦੇ ਹੋਏ ਵੀ, ਹਿੰਦੂਸਤਾਨ ਵਿਚ ਸਨ।
ਇੱਕ ਪਾਗਲ ਤਾਂ ਪਾਕਿਸਤਾਨ ਤੇ ਹਿੰਦੂਸਤਾਨ, ਹਿੰਦੂਸਤਾਨ ਤੇ ਪਾਕਿਸਤਾਨ ਦੇ ਚੱਕਰ ਵਿਚ ਇੱਦਾਂ ਗ੍ਰਿਫਤਾਰ ਹੋਇਆ ਕਿ ਹੋਰ ਜਿਆਦਾ ਪਾਗਲ ਹੋ ਗਿਆ। ਝਾੜੂ ਦੇਂਦੇ-ਦੇਂਦੇ ਇੱਕ ਦਿਨ ਉਹ ਦਰੱਖਤ ਤੇ ਚੜ੍ਹ ਗਿਆ ਅਤੇ ਟਹਿਣੀ ਤੇ ਬੈਠ ਕੇ ਦੋ ਘੰਟੇ ਲਗਾਤਾਰ ਭਾਸ਼ਣ ਦਿੰਦਾ ਰੇਹਾ, ਜੋ ਹਿੰਦੂਸਤਾਨ ਤੇ ਪਾਕਿਸਤਾਨ ਦੇ ਨਾਜ਼ੁਕ ਮਸਲੇ ਤੇ ਸੀ। ਸਿਪਾਹੀਆਂ ਨੇ ਉਸ ਨੂੰ ਥੱਲੇ ਉਤਰਣ ਨੂੰ ਕਿਹਾ ਤਾਂ ਉਹ ਹੋਰ ਉੱਪਰ ਚੜ ਗਿਆ। ਡਰਾਇਆ-ਧਮਕਾਇਆ ਗਿਆ ਤਾਂ ਉਸਨੇ ਕਿਹਾ, "ਮੈਂ ਨਾ ਹਿੰਦੂਸਤਾਨ ਚ ਰਹਿਣਾ ਚਾਹੁੰਦਾ ਹਾਂ, ਨਾ ਪਾਕਿਸਤਾਨ ਵਿੱਚ। ਮੈਂ ਇਸ ਦਰੱਖਤ ਤੇ ਹੀ ਰਹਾਂਗਾ।"
ਬੜੀ ਮੁਸ਼ਕਿਲਾਂ ਬਾਅਦ, ਜਦ ਉਸ ਦਾ ਦੌਰਾ ਠੰਡਾ ਪਿਆ ਤਾਂ ਉਹ ਥੱਲੇ ਉਤਰਿਆ ਅਤੇ ਆਪਣੇ ਹਿੰਦੂ-ਸਿੱਖ ਦੋਸਤਾਂ ਨਾਲ ਗਲੇ ਮਿਲ-ਮਿਲ ਕੇ ਰੋਣ ਲੱਗਾ। ਇਸ ਖਿਆਲ ਨਾਲ ਉਸਦਾ ਦਿੱਲ ਭਰ ਆਇਆ ਸੀ ਕਿ ਓਹ ਉਸਨੂੰ ਛੱਡ ਕੇ ਹਿੰਦੂਸਤਾਨ ਚਲੇ ਜਾਣਗੇ।
ਇੱਕ ਐਮ.ਐਸ.ਸੀ. ਪਾਸ ਰੇਡੀਓ ਇੰਜੀਨੀਅਰ ਵਿਚ, (ਜੋ ਮੁਸਲਮਾਨ ਸੀ ਅਤੇ ਦੂਜੇ ਪਾਗਲਾਂ ਤੋਂ ਬਿਲਕੁਲ ਅਲਗ-ਥਲਗ, ਬਾਗ ਦੀ ਇੱਕ ਖਾਸ ਰਵਿਸ਼ ਤੇ ਸਾਰਾ ਦਿਨ ਚੁੱਪ-ਚਾਪ ਟਹਿਲਿਆ ਕਰਦਾ ਸੀ) ਇਹ ਤਬਦੀਲੀ ਜ਼ਾਹਿਰ ਹੋਈ ਕਿ ਉਸਨੇ ਸਾਰੇ ਕਪੜੇ ਲਾਹ ਕੇ ਦਫ਼ੇਦਾਰ ਦੇ ਹਵਾਲੇ ਕਰ ਦਿੱਤੇ ਅਤੇ ਨੰਗ-ਧੜੰਗ ਸਾਰੇ ਬਾਗ ਵਿਚ ਚਲਨਾ-ਫਿਰਨਾ ਸ਼ੁਰੂ ਕਰ ਦਿੱਤਾ।
ਚਿੰਨੋਟ ਦੇ ਇੱਕ ਮੋਟੇ ਜਿਹੇ ਮੁਸਲਮਾਨ ਪਾਗਲ ਨੇ -- ਜੋ ਮੁਸਲਿਮ ਲੀਗ ਦਾ ਜੋਸ਼ੀਲਾ ਸੱਦਸ ਰਹਿ ਚੁਕਿਆ ਸੀ ਅਤੇ ਦਿਨ ਵਿੱਚ ਪੰਦਰਾਂ-ਸੋਲਾਂਹ ਵਾਰ ਨਹਾਉਂਦਾ ਸੀ -- ਅਚਾਨਕ ਇਹ ਆਦਤ ਛੱਡ ਦਿੱਤੀ। ਉਸਦਾ ਨਾਮ ਮੋਹੰਮਦ ਅਲੀ ਸੀ। ਇਸ ਲਈ ਉਸਨੇ ਇੱਕ ਦਿਨ ਆਪਣੇ ਜੰਗਲੇ ਵਿਚ ਐਲਾਨ ਕਰ ਦਿੱਤਾ ਕਿ ਉਹ ਕਾਇਦੇ-ਆਜ਼ਮ ਮੋਹੰਮਦ ਅਲੀ ਜਿੰਨਾਹ ਹੈ। ਉਸਦੇ ਦੇਖਾ-ਦੇਖੀ ਇੱਕ ਸਿੱਖ ਪਾਗਲ ਮਾਸਟਰ ਤਾਰਾ ਸਿੰਘ ਬਣ ਗਿਆ। ਉਸ ਜੰਗਲੇ ਵਿਚ ਗੱਲ ਖੂਨ-ਖ਼ਰਾਬੇ ਤਕ ਆ ਚੱਲੀ ਸੀ, ਪਰ ਦੋਹਾਂ ਨੂੰ ਖ਼ਤਰਨਾਕ ਪਾਗਲ ਕਰਾਰ ਕਰ ਕੇ, ਵੱਖ-ਵੱਖ ਬੰਦ ਕਰ ਦਿੱਤਾ ਗਿਆ।
ਲਾਹੋਰ ਦਾ ਇੱਕ ਨੌਜਵਾਨ ਹਿੰਦੂ ਵਕੀਲ ਸੀ, ਜੋ ਪਿਆਰ ਵਿਚ ਹਾਰ ਕੇ ਪਾਗਲ ਹੋ ਗਿਆ ਸੀ। ਜਦ ਉਸਨੇ ਸੁਣਿਆ ਕਿ ਅੰਮ੍ਰਿਤਸਰ ਹਿੰਦੂਸਤਾਨ ਵਿੱਚ ਚਲਾ ਗਿਆ ਹੈ ਤਾਂ ਉਸਨੂੰ ਬਹੁਤ ਦੁੱਖ ਹੋਇਆ। ਓਸੇ ਸ਼ਹਿਰ ਵਿੱਚ ਇੱਕ ਹਿੰਦੂ ਕੁੜੀ ਨਾਲ ਉਸਨੂੰ ਪਿਆਰ ਹੋਇਆ ਸੀ। ਹਾਲਾਂ ਕਿ ਉਸ ਕੁੜੀ ਨੇ ਉਸ ਨੂੰ ਠੁਕਰਾ ਦਿੱਤਾ ਸੀ, ਪਰ ਪਾਗਲਪਣ ਦੀ ਹਾਲਤ ਵਿੱਚ ਵੀ ਉਹ ਉਸਨੂੰ ਭੁਲਿਆ ਨਹੀਂ ਸੀ। ਚੁਣ-ਚੁਣ ਕੇ ਉਹ ਓਹਨਾ ਸਾਰੇ ਹਿੰਦੂ-ਮੁਸਲਮਾਨ ਲੀਡਰਾਂ ਨੂੰ ਗਾਲਾਂ ਕਢਦਾ ਸੀ, ਜਿੰਨਾ ਨੇ ਮਿਲ-ਮਿਲਾ ਕੇ ਹਿੰਦੂਸਤਾਨ ਦੇ ਦੋ ਟੁਕੜੇ ਕਰ ਦਿੱਤੇ ਸਨ। ਉਸਦੀ ਪ੍ਰੇਮਿਕਾ ਹਿੰਦੂਸਤਾਨੀ ਬਣ ਗਈ, ਤੇ ਉਹ ਪਾਕਿਸਤਾਨੀ।
ਜਦ ਤਬਾਦਲੇ ਦੀ ਗੱਲ ਸ਼ੁਰੂ ਹੋਈ ਤਾਂ ਵਕੀਲ ਨੂੰ ਕਈ ਪਾਗਲਾਂ ਨੇ ਸਮਝਾਇਆ ਕਿ ਉਹ ਦਿਲ ਖ਼ਰਾਬ ਨਾ ਕਰੇ, ਉਸਨੂੰ ਹਿੰਦੂਸਤਾਨ ਭੇਜ ਦਿੱਤਾ ਜਾਵੇਗਾ; ਓਸੇ ਹਿੰਦੂਸਤਾਨ ਵਿੱਚ, ਜਿੱਥੇ ਉਸਦੀ ਪ੍ਰੇਮਿਕਾ ਰਹਿੰਦੀ ਸੀ। ਪਰ ਉਹ ਲਾਹੋਰ ਛੱਡਣਾ ਨਹੀ ਚਾਹੁੰਦਾ ਸੀ, ਕਿਓਂਕਿ ਉਸਦਾ ਖਿਆਲ ਸੀ ਕਿ ਅੰਮ੍ਰਿਤਸਰ ਵਿੱਚ ਉਸਦੀ ਪਰੈਕਟਿਸ ਨਹੀਂ ਚਲੇਗੀ।
ਯੂਰਪੀ ਵਾਰਡ ਵਿੱਚ ਦੋ ਐਁਗਲੋ-ਇੰਡਿਅਨ ਪਾਗਲ ਸਨ। ਜਦੋਂ ਓਹਨਾਂ ਨੂੰ ਪਤਾ ਲੱਗਾ ਕਿ ਹਿੰਦੂਸਤਾਨ ਨੂੰ ਆਜ਼ਾਦ ਕਰ ਕੇ ਅੰਗ੍ਰੇਜ਼ ਚਲੇ ਗਏ ਹਨ, ਤਾਂ ਉਹਨਾਂ ਨੂੰ ਬੜਾ ਦੁੱਖ ਹੋਇਆ। ਉਹ ਲੁਕ-ਲੁਕਾ ਕੇ ਘੰਟਿਆਂ ਤਕ ਇਸ ਮਹੱਤਵਪੂਰਣ ਮਸਲੇ ਤੇ ਵਿਚਾਰ ਕਰਦੇ ਕਿ ਪਾਗਲਖਾਣੇ ਵਿੱਚ ਹੁਣ ਉਹਨਾਂ ਦੀ ਹੈਸੀਅਤ ਕੀ ਹੋਵੇਗੀ। ਯੂਰਪੀ ਵਾਰਡ ਰਹੇਗਾ ਜਾਂ ਬੰਦ ਕਰ ਦਿੱਤਾ ਜਾਵੇਗਾ? ਬ੍ਰੇਕਫਾਸਟ ਮਿਲਿਆ ਕਰੇਗਾ ਜਾਂ ਨਹੀਂ? ਕਿਤੇ ਉਹਨਾਂ ਨੂੰ ਡਬਲ ਰੋਟੀ ਦੀ ਬਜਾਏ ਬਲੱਡੀ ਇੰਡੀਅਨ ਚਪਾਤੀ ਤਾਂ ਨਹੀਂ ਖਾਣੀ ਪਵੇਗੀ?
ਇੱਕ ਸਿੱਖ ਸੀ, ਜਿਸ ਨੂੰ ਪਾਗਲਖਾਣੇ ਵਿਚ ਆਏ ਪੰਦਰਾਂ ਸਾਲ ਹੋ ਚੁਕੇ ਸਨ। ਹਰ ਵੇਲੇ ਉਸਦੇ ਮੂੰਹ ਚੋਂ ਅਜੀਬੋ-ਗਰੀਬ ਸ਼ਬਦ ਨਿਕਲਦੇ ਰਹਿੰਦੇ ਸਨ, "ਓ ਪੜ ਦੀ, ਗੁੜਗੁੜ ਦੀ, ਅਨੇਕ੍ਸ ਦੀ, ਬੇਧਿਆਨਾ ਦੀ, ਮੂੰਗ ਦੀ ਦਾਲ ਓਫ ਦੀ ਲਾਲਟੇਨ !" ਨਾ ਦਿਨੇਂ ਸੌਂਦਾ ਸੀ ਨਾ ਰਾਤ ਨੂੰ। ਪਹਿਰੇਦਾਰਾਂ ਦਾ ਇਹ ਕਹਿਣਾ ਸੀ ਕਿ ਪੰਦਰਾਂ ਸਾਲਾਂ ਦੇ ਲੰਬੇ ਅਰਸੇ ਵਿੱਚ, ਉਹ ਪਲ-ਭਰ ਵੀ ਨਹੀ ਸੀ ਸੁੱਤਾ, ਲੇਟਦਾ ਵੀ ਨਹੀਂ ਸੀ; ਹਾਲਾਂਕਿ ਕਦੀ-ਕਦੀ ਕਿਸੀ ਕੰਧ ਨਾਲ ਟੇਕ ਲਾ ਲੇੰਦਾ ਸੀ।
ਹਰ ਵੇਲੇ ਖੜ੍ਹੇ ਰਹਣ ਕਰ ਕੇ ਉਸਦੇ ਪੈਰ ਸੁੱਜ ਗਏ ਸਨ। ਪਿੰਡਲੀਆਂ ਵੀ ਫੁੱਲ ਗਈਆਂ ਸਨ, ਪਰ ਇਸ ਸ਼ਰੀਰਕ ਕਸ਼ਟ ਦੇ ਬਾਵਜੂਦ, ਉਹ ਲੇਟ ਕੇ ਆਰਾਮ ਨਹੀਂ ਸੀ ਕਰਦਾ। ਹਿੰਦੂਸਤਾਨ, ਪਾਕਿਸਤਾਨ ਅਤੇ ਪਾਗਲਾਂ ਦੇ ਤਬਾਦਲੇ ਦੇ ਬਾਰੇ, ਜਦ ਵੀ ਕਦੀ ਪਾਗਲਖਾਣੇ ਵਿੱਚ ਗੱਲ-ਬਾਤ ਹੁੰਦੀ ਤਾਂ ਉਹ ਬੜੇ ਧਿਆਨ ਨਾਲ ਸੁਣਦਾ। ਕੋਈ ਉਸਨੂੰ ਪੁੱਛਦਾ ਕਿ ਉਸਦਾ ਕੀ ਖ਼ਿਆਲ ਹੈ ਤਾਂ ਉਹ ਬੜੀ ਗੰਭੀਰਤਾ ਨਾਲ ਜਵਾਬ ਦਿੰਦਾ, "ਓ ਪੜ ਦੀ, ਗੁੜਗੁੜ ਦੀ, ਅਨੇਕ੍ਸ ਦੀ, ਬੇਧਿਆਨਾ ਦੀ, ਮੂੰਗ ਦੀ ਦਾਲ ਓਫ ਦੀ ਪਾਕਿਸਤਾਨ ਗੌਰਮੇੰਟ।"
ਪਰ ਬਾਅਦ ਵਿੱਚ "ਓਫ ਦੀ ਪਾਕਿਸਤਾਨ ਗੌਰਮੇੰਟ" ਦੀ ਜਗਹ "ਓਫ ਦੀ ਟੋਭਾ ਟੇਕ ਸਿੰਘ ਗੌਰਮੇੰਟ" ਨੇ ਲੈ ਲਈ ਅਤੇ ਉਸਨੇ ਦੂਜੇ ਪਾਗਲਾਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਭਾ ਟੇਕ ਸਿੰਘ ਕਿੱਥੇ ਹੈ, ਜਿੱਥੋਂ ਦਾ ਉਹ ਰਹਿਣ ਵਾਲਾ ਹੈ। ਪਰ ਕਿਸੇ ਨੂੰ ਵੀ ਇਹ ਪਤਾ ਨਹੀਂ ਸੀ ਕੀ ਓਹ ਪਾਕਿਸਤਾਨ ਵਿੱਚ ਹੈ ਜਾਂ ਹਿੰਦੂਸਤਾਨ ਵਿਚ। ਜੋ ਦੱਸਣ ਦੀ ਕੋਸ਼ਿਸ਼ ਕਰਦੇ ਸੀ, ਉਹ ਏਸ ਚੱਕਰ ਵਿਚ ਉਲਝ ਕੇ ਰਹ ਜਾਂਦੇ ਸਨ ਕਿ ਸਿਆਲਕੋਟ ਪਹਿਲਾਂ ਹਿੰਦੂਸਤਾਨ ਵਿਚ ਸੀ, ਪਰ ਹੁਣ ਸੁਣਿਆ ਹੈ ਪਾਕਿਸਤਾਨ ਵਿੱਚ ਹੈ। ਕੀ ਪਤਾ ਕਿ ਲਾਹੋਰ, ਜੋ ਅੱਜ ਪਾਕਿਸਤਾਨ ਵਿਚ ਹੈ, ਕਲ ਹਿੰਦੂਸਤਾਨ ਵਿਚ ਚਲਾ ਜਾਵੇ, ਜਾਂ ਸਾਰਾ ਹਿੰਦੂਸਤਾਨ ਹੀ ਪਾਕਿਸਤਾਨ ਬਣ ਜਾਵੇ। ਅਤੇ ਇਹ ਵੀ ਕੌਣ ਸੀਨੇ ਤੇ ਹੱਥ ਰੱਖ ਕੇ ਕਹਿ ਸਕਦਾ ਸੀ ਕਿ ਹਿੰਦੂਸਤਾਨ ਅਤੇ ਪਾਕਿਸਤਾਨ -- ਦੋਨੋਂ ਕਿਸੇ ਦਿਨ ਮੁਢੋਂ ਹੀ ਗਾਇਬ ਨਾ ਹੋ ਜਾਣ।
ਉਸ ਸਿੱਖ ਦੇ ਕੇਸ ਛਿਦ੍ਰੇ ਹੋ ਕੇ ਬਹੁਤ ਥੋੜੇ ਰਹਿ ਗਏ ਸਨ। ਕਿਓਂਕਿ ਬਹੁਤ ਘੱਟ ਨਹਾਉਂਦਾ ਸੀ, ਇਸ ਲਈ ਦਾੜ੍ਹੀ ਤੇ ਸਿਰ ਦੇ ਵਾਲ ਆਪਸ ਵਿੱਚ ਜੰਮ ਗਏ ਸਨ, ਜਿਸ ਕਰਕੇ ਉਸਦੀ ਸ਼ਕਲ ਭਿਆਨਕ ਜਾਪਦੀ ਸੀ। ਪਰ ਬੰਦਾ ਮਾਸੂੰਮ ਸੀ। ਪੰਦਰਾਂ ਸਾਲਾਂ ਵਿੱਚ ਉਸਨੇ ਕਿਸੀ ਨਾਲ ਝਗੜਾ-ਫਸਾਦ ਨਹੀਂ ਸੀ ਕੀਤਾ। ਪਾਗਲਖਾਣੇ ਦੇ ਜੋ ਪੁਰਾਣੇ-ਪੁਰਾਣੇ ਮੁਲਾਜ਼ਮ ਸਨ, ਉਹ ਉਸ ਬਾਰੇ ਇੰਨਾਂ ਜਾਣਦੇ ਸਨ, ਕਿ ਟੋਭਾ ਟੇਕ ਸਿੰਘ ਵਿਚ ਉਸ ਦੇ ਕਈ ਖ਼ੇਤ ਸਨ; ਚੰਗਾ ਖਾਂਦਾ-ਪੀਂਦਾ ਜ਼ਮੀਂਦਾਰ ਸੀ ਕਿ ਅਚਾਨਕ ਦਿਮਾਗ ਉਲਟ ਗਿਆ। ਉਸਦੇ ਰਿਸ਼ਤੇਦਾਰ ਉਸਨੂੰ ਲੋਹੇ ਦੀਆਂ ਮੋਟੀਆਂ-ਮੋਟੀਆਂ ਜੰਜ਼ੀਰਾਂ ਵਿੱਚ ਬੰਨ੍ਹ ਕੇ ਲਿਆਏ ਤੇ ਪਾਗਲਖਾਣੇ ਵਿੱਚ ਭਰਤੀ ਕਰਾ ਗਏ।
ਮਹੀਨੇ ਵਿੱਚ ਇੱਕ ਵਾਰ ਇਹ ਲੋਕ ਮਿਲਣ ਲਈ ਆਂਦੇ ਸਨ, ਅਤੇ ਉਸਦੀ ਖੈਰ ਖ਼ਬਰ ਪੁੱਛ ਕੇ ਚਲੇ ਜਾਂਦੇ ਸਨ। ਇੱਕ ਅਰਸੇ ਤਕ ਇਹੀ ਸਿਲਸਿਲਾ ਚਲਦਾ ਰਿਹਾ। ਪਰ ਜਦ ਪਾਕਿਸਤਾਨ-ਹਿੰਦੂਸਤਾਨ ਦੀ ਗੜਬੜ ਸ਼ੁਰੂ ਹੋਈ ਤਾਂ ਓਹਨਾਂ ਦਾ ਆਣਾ ਬੰਦ ਹੋ ਗਿਆ।
ਉਸਦਾ ਨਾਮ ਬਿਸ਼ਨ ਸਿੰਘ ਸੀ, ਪਰ ਸਾਰੇ ਉਸਨੂੰ ਟੋਭਾ ਟੇਕ ਸਿੰਘ ਬੁਲਾਉਂਦੇ ਸਨ। ਉਸਨੂੰ ਇਹ ਬਿਲਕੁਲ ਹੀ ਪਤਾ ਨਹੀ ਸੀ ਹੁੰਦਾ ਕਿ ਅੱਜ ਦਿਨ ਕਿਹੜਾ ਹੈ, ਮਹੀਨਾ ਕਿਹੜਾ ਹੈ, ਜਾਂ ਕਿੰਨੇ ਸਾਲ ਲੰਘ ਚੁੱਕੇ ਹਨ। ਪਰ ਹਰ ਮਹੀਨੇ, ਜਦ ਉਸਦੇ ਸਗੇ-ਸੰਬੰਧੀ ਉਸਨੂੰ ਮਿਲਣ ਆਉਂਦੇ ਸਨ ਤਾਂ ਉਸਨੂੰ ਆਪਣੇ ਆਪ ਪਤਾ ਲੱਗ ਜਾਂਦਾ ਸੀ। ਖ਼ਾਸ ਦਾਫੇਦਾਰ ਨੂੰ ਕਹਿੰਦਾ ਕਿ ਉਸਦੀ ਮੁਲਾਕਾਤ ਆ ਰਹੀ ਹੈ। ਉਸ ਦਿਨ ਉਹ ਚੰਗੀ ਤਰਾਂ ਨਹਾਉਂਦਾ, ਸ਼ਰੀਰ ਤੇ ਖੂਬ ਸਾਬਣ ਮਲਦਾ ਅਤੇ ਸਿਰ ਤੇ ਤੇਲ ਲਾ ਕੇ ਕੰਘੀ ਕਰਦਾ। ਆਪਣੇ ਕਪੜੇ ਜੋ ਓਦਾਂ ਕਦੇ ਨਹੀ ਸੀ ਵਰਤਦਾ, ਕਢਵਾ ਕੇ ਪਾਉਂਦਾ ਅਤੇ ਐਨ ਬਣ-ਸੰਵਰ ਕੇ ਮਿਲਣ ਵਾਲਿਆਂ ਕੋਲ ਜਾਂਦਾ। ਉਹ ਉਸਨੂੰ ਪੁੱਛਦੇ, ਤਾ ਚੁੱਪ ਰਹਿੰਦਾ ਜਾਂ ਕਦੀ-ਕਦਾਰ -- "ਓ ਪੜ ਦੀ, ਗੁੜਗੁੜ ਦੀ, ਅਨੇਕ੍ਸ ਦੀ, ਬੇਧਿਆਨਾ ਦੀ, ਮੂੰਗ ਦੀ ਦਾਲ ਓਫ ਦੀ ਲਾਲਟੇਨ" ਕਹਿ ਦਿੰਦਾ।
ਉਸਦੀ ਇੱਕ ਕੁੜੀ ਸੀ, ਜੋ ਹਰ ਮਹੀਨੇ ਇੱਕ ਉੰਗਲ ਵੱਧਦੀ-ਵੱਧਦੀ, ਪੰਦਰਾਂ ਸਾਲਾਂ ਵਿੱਚ ਜਵਾਨ ਹੋ ਗਈ ਸੀ। ਬਿਸ਼ਨ ਸਿੰਘ ਤਾਂ ਉਸਨੂੰ ਪਹਿਚਾਣਦਾ ਹੀ ਨਹੀਂ ਸੀ। ਉਹ ਬੱਚੀ ਸੀ, ਤਾਂ ਆਪਣੇ ਪਿਓ ਨੂੰ ਵੇਖ ਕੇ ਰੋਂਦੀ ਸੀ। ਜਵਾਨ ਹੋ ਗਈ ਤਦ ਵੀ ਉਸ ਦੀਆਂ ਅੱਖਾਂ ਵਿੱਚ ਅੱਥਰੂ ਹੀ ਸਨ।
ਪਾਕਿਸਤਾਨ ਤੇ ਹਿੰਦੂਸਤਾਨ ਦਾ ਕਿੱਸਾ ਸ਼ੁਰੂ ਹੋਇਆ ਤਾਂ ਉਸ ਨੇ ਦੂਸਰੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕੀਤਾ ਕਿ ਟੋਭਾ ਟੇਕ ਸਿੰਘ ਕਿਥੇ ਹੈ? ਜਦੋਂ ਤਸੱਲੀਬਖਸ਼ ਜਵਾਬ ਨਾ ਮਿਲਿਆ ਤਾਂ ਉਸਦੀ ਕੁਰੇਦ ਦਿਨੋ-ਦਿਨ ਵੱਧਦੀ ਗਈ। ਹੁਣ ਮੁਲਾਕਾਤ ਵੀ ਨਹੀਂ ਆਉਂਦੀ ਸੀ। ਪਹਿਲਾਂ ਤਾਂ ਉਸ ਨੂੰ ਆਪਣੇ ਆਪ ਪਤਾ ਲਗ ਜਾਂਦਾ ਸੀ ਕਿ ਮਿਲਣ ਵਾਲੇ ਆ ਰਹੇ ਹਨ, ਪਰ ਹੁਣ ਜਿਵੇਂ ਉਸਦੇ ਦਿੱਲ ਦੀ ਆਵਾਜ਼ ਵੀ ਬੰਦ ਹੋ ਗਈ ਸੀ, ਜੋ ਉਸ ਨੂੰ ਓਹਨਾਂ ਦੇ ਆਉਣ ਦੀ ਖਬਰ ਦੇ ਦਿਆ ਕਰਦੀ ਸੀ।
ਉਸਦੀ ਬੜੀ ਇੱਛਾ ਸੀ ਕਿ ਉਹ ਲੋਕ ਆਉਣ, ਜੋ ਉਸ ਨਾਲ ਹਮਦਰਦੀ ਰਖਦੇ ਸਨ, ਅਤੇ ਉਸ ਲਈ ਫ਼ਲ, ਮਿਠਾਈਆਂ, ਤੇ ਕਪੜੇ ਲਿਆਉਂਦੇ ਸਨ। ਉਹ ਜੇ ਓਹਨਾਂ ਨੂੰ ਪੁੱਛਦਾ ਕੇ ਟੋਭਾ ਟੇਕ ਸਿੰਘ ਕਿਥੇ ਹੈ, ਤਾਂ ਜ਼ਰੂਰ ਉਸਨੂੰ ਦੱਸ ਦੇਂਦੇ ਕਿ ਪਾਕਿਸਤਾਨ ਵਿਚ ਹੈ ਜਾਂ ਹਿੰਦੂਸਤਾਨ ਵਿਚ, ਕਿਓਂਕਿ ਉਸਦਾ ਖਿਆਲ ਸੀ ਕਿ ਓਹ ਟੋਭਾ ਟੇਕ ਸਿੰਘ ਤੋਂ ਹੀ ਆਉਂਦੇ ਹਨ, ਜਿੱਥੇ ਉਸਦੀਆਂ ਜ਼ਮੀਨਾਂ ਹਨ।
ਪਾਗਲਖਾਣੇ ਵਿੱਚ ਇੱਕ ਪਾਗਲ ਐਸਾ ਵੀ ਸੀ, ਜੋ ਆਪਣੇ ਆਪ ਨੂੰ ਖੁਦਾ ਦੱਸਦਾ ਸੀ। ਉਸ ਤੋਂ ਜਦ ਇੱਕ ਦਿਨ ਬਿਸ਼ਨ ਸਿੰਘ ਨੇ ਪੁੱਛਿਆ ਕਿ ਟੋਭਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੂਸਤਾਨ ਵਿੱਚ ਤਾਂ ਉਸਨੇ ਆਪਣਾ ਸੁਭਾਵਿਕ ਠਹਾਕਾ ਲਾਇਆ ਅਤੇ ਕਿਹਾ, "ਉਹ ਨਾ ਪਾਕਿਸਤਾਨ ਵਿੱਚ ਹੈ, ਨਾ ਹਿੰਦੂਸਤਾਨ ਵਿੱਚ, ਕਿਓਂਕਿ ਅਸੀਂ ਹਾਲੇ ਤਕ ਹੁਕਮ ਨਹੀਂ ਕੀਤਾ!"
ਬਿਸ਼ਨ ਸਿੰਘ ਨੇ ਉਸ ਖੁਦਾ ਕੋਲ ਕਈ ਵਾਰ ਬੜੀ ਮਿੰਨਤ-ਤਰਲੇ ਕੀਤੇ ਕਿ ਉਹ ਹੁਕਮ ਕਰ ਦੇਵੇ, ਤਾਂ ਕਿ ਝੰਝਟ ਮੁੱਕੇ, ਪਰ ਉਹ ਖੁਦਾ ਤਾਂ ਬਹੁਤ ਜਿਆਦਾ ਮਸ਼ਰੂਫ ਸੀ, ਕਿਓਂਕਿ ਉਸਨੇ ਹੋਰ ਬੇਸ਼ੁਮਾਰ ਹੁਕਮ ਦੇਣੇ ਸੀ। ਇੱਕ ਦਿਨ ਤੰਗ ਆ ਕੇ ਉਹ ਉਸ ਤੇ ਬਰਸ ਪਿਆ, "ਓ ਪੜ ਦੀ, ਗੁੜਗੁੜ ਦੀ, ਅਨੇਕ੍ਸ ਦੀ, ਬੇਧਿਆਨਾ ਦੀ, ਮੂੰਗ ਦੀ ਦਾਲ ਓਫ ਵਾਹੇਗੁਰੂ ਦਾ ਖ਼ਾਲਸਾ ਐਂਡ ਵਾਹੇਗੁਰੂ ਦੀ ਫ਼ਤੇਹ । ਜੋ ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ !"
ਇਸਦਾ ਖ਼ਰੇ ਇਹ ਮਤਲਬ ਸੀ ਕਿ ਤੂੰ ਮੁਸਲਮਾਨਾਂ ਦਾ ਖੁਦਾ ਏਂ, ਸਿੱਖਾਂ ਦਾ ਖੁਦਾ ਹੁੰਦਾ ਤਾਂ ਜ਼ਰੂਰ ਮੇਰੀ ਸੁਣਦਾ।
ਤਬਾਦਲੇ ਤੋਂ ਕੁਝ ਦਿਨ ਪਹਿਲਾਂ, ਟੋਭਾ ਟੇਕ ਸਿੰਘ ਦਾ ਇੱਕ ਮੁਸਲਮਾਨ, ਜੋ ਬਿਸ਼ਨ ਸਿੰਘ ਦਾ ਦੋਸਤ ਸੀ, ਮਿਲਣ ਲਈ ਆਇਆ। ਪਹਿਲਾਂ ਓਹ ਕਦੇ ਨਹੀਂ ਸੀ ਆਇਆ। ਜਦ ਬਿਸ਼ਨ ਸਿੰਘ ਨੇ ਉਸ ਨੂੰ ਦੇਖਿਆ ਤਾਂ ਪਰ੍ਹਾਂ ਹੱਟ ਗਿਆ ਅਤੇ ਵਾਪਸ ਜਾਣ ਲੱਗਾ, ਪਰ ਸਿਪਾਹੀਆਂ ਨੇ ਉਸ ਨੂੰ ਰੋਕਿਆ, "ਇਹ ਤੈਨੂੰ ਮਿਲਣ ਆਇਆ, ਤੇਰਾ ਦੋਸਤ ਫ਼ਜ਼ਲਦੀਨ ਹੈ।"
ਬਿਸ਼ਨ ਸਿੰਘ ਨੇ ਫ਼ਜ਼ਲਦੀਨ ਵੱਲ ਦੇਖਿਆ ਤੇ ਕੁਝ ਬੜਬੜਾਓਣ ਲੱਗਾ। ਫ਼ਜ਼ਲਦੀਨ ਨੇ ਅੱਗੇ ਵੱਧ ਕੇ, ਉਸ ਦੇ ਮੋਢੇ ਤੇ ਹੱਥ ਰੱਖਿਆ, "ਮੈਂ ਬਹੁਤ ਦਿਨਾਂ ਤੋਂ ਸੋਚ ਰਿਹਾ ਸੀ ਕਿ ਤੈਨੂੰ ਮਿਲਾਂ, ਪਰ ਫੁਰਸਤ ਹੀ ਨਹੀਂ ਮਿਲੀ। ਤੁਹਾਡੇ ਸਾਰੇ ਆਦਮੀ ਖੈਰੀਅਤ ਨਾਲ ਹਿੰਦੂਸਤਾਨ ਚਲੇ ਗਏ ਹਨ। ਮੇਰੇ ਕੋਲੋਂ ਜਿੰਨੀ ਮਦਦ ਹੋ ਸਕੀ, ਮੈਂ ਕੀਤੀ। ਤੇਰੀ ਕੁੜੀ ਰੂਪ ਕੌਰ...."
ਉਹ ਕੁਝ ਕਹਿੰਦੇ-ਕਹਿੰਦੇ ਰੁਕ ਗਿਆ। ਬਿਸ਼ਨ ਸਿੰਘ ਕੁਝ ਯਾਦ ਕਰਨ ਲੱਗਾ, "ਕੁੜੀ ਰੂਪ ਕੌਰ। "
ਫ਼ਜ਼ਲਦੀਨ ਨੇ ਰੁਕ-ਰੁਕ ਕੇ ਕਿਹਾ, "ਹਾਂ...ਉਹ.....ਉਹ ਵੀ ਠੀਕ-ਠਾਕ ਹੈ। ਉਹਨਾਂ ਦੇ ਨਾਲ ਹੀ ਚਲੀ ਗਈ ਸੀ।"
ਬਿਸ਼ਨ ਸਿੰਘ ਚੁੱਪ-ਚਾਪ ਖੜਾ ਰਿਹਾ। ਫ਼ਜ਼ਲਦੀਨ ਨੇ ਕਹਿਣਾ ਸ਼ੁਰੂ ਕੀਤਾ, "ਓਹਨਾਂ ਨੇ ਮੈਨੂੰ ਕਿਹਾ ਸੀ ਕੇ ਤੇਰੀ ਖੈਰ-ਖੈਰੀਅਤ ਪੁੱਛਦਾ ਰਹਾਂ। ਹੁਣ ਮੈਂ ਸੁਣਿਆ ਹੈ ਤੂੰ ਹਿੰਦੂਸਤਾਨ ਜਾ ਰਿਹਾ ਹੈਂ। ਭਾਈ ਬਲਬੀਰ ਸਿੰਘ ਤੇ ਭਾਈ ਬਧਾਵਾ ਸਿੰਘ ਨੂੰ ਮੇਰਾ ਸਲਾਮ ਆਖੀਂ, ਅਤੇ ਭੈਣ ਅਮ੍ਰਿਤ ਕੌਰ ਨੂੰ ਵੀ। ਭਾਈ ਬਲਬੀਰ ਨੂੰ ਕਹਣਾ -- ਫ਼ਜ਼ਲਦੀਨ ਰਾਜ਼ੀ ਖੁਸ਼ੀ ਹੈ। ਦੋ ਭੂਰੀਆਂ ਮਝਾਂ, ਜੋ ਓਹ ਛੱਡ ਗਏ ਸਨ, ਓਹਨਾਂ ਵਿੱਚੋਂ ਇੱਕ ਨੇ ਕੱਟਾ ਸੂਇਆ ਹੈ, ਤੇ ਦੂਜੀ ਦੇ ਕੱਟੀ ਸੂਈ ਸੀ, ਪਰ ਉਹ ਛੇ ਦਿਨਾਂ ਦੀ ਹੋ ਕੇ ਮਰ ਗਈ। .... ਹੋਰ ਮੇਰੇ ਲਾਇਕ ਜੋ ਖਿਦਮਤ ਹੋਵੇ ਤਾਂ ਕਹਿਣਾ। ਮੈਂ ਹਰ ਵੇਲੇ ਤਿਆਰ ਹਾਂ। ਅਤੇ ਤੇਰੇ ਲਈ ਇਹ ਥੋੜੇ ਜੇਹੇ ਮਰੂੰਡੇ ਲਿਆਇਆ ਹਾਂ।"
ਬਿਸ਼ਨ ਸਿੰਘ ਨੇ ਮਰੂੰਡਿਆਂ ਦੀ ਪੋਟਲੀ ਲੈ ਕੇ, ਕੋਲ ਖੜੇ ਸਿਪਾਹੀ ਦੇ ਹਵਾਲੇ ਕਰ ਦਿੱਤੀ ਅਤੇ ਫ਼ਜ਼ਲਦੀਨ ਨੂੰ ਪੁੱਛਿਆ, "ਟੋਭਾ ਟੇਕ ਸਿੰਘ ਕਿਥੇ ਹੈ?"
ਫ਼ਜ਼ਲਦੀਨ ਨੇ ਥੋੜੀ ਹੈਰਤ ਨਾਲ ਕਿਹਾ, "ਕਿੱਥੇ ਹੈ? ਓੱਥੇ ਹੀ ਹੈ, ਜਿੱਥੇ ਸੀ।'
ਬਿਸ਼ਨ ਸਿੰਘ ਨੇ ਫਿਰ ਪੁੱਛਿਆ, "ਹਿੰਦੂਸਤਾਨ ਵਿੱਚ ਜਾਂ ਪਾਕਿਸਤਾਨ ਵਿੱਚ?"
"ਹਿੰਦੂਸਤਾਨ ਵਿੱਚ .... ਨਹੀਂ, ਨਹੀਂ....ਪਾਕਿਸਤਾਨ ਵਿੱਚ !" ....ਫ਼ਜ਼ਲਦੀਨ ਥੋੜਾ ਬੌਖਲਾ ਜਿਹਾ ਗਿਆ।
ਬਿਸ਼ਨ ਸਿੰਘ ਬੜਬੜਾਉਂਦਾ ਹੋਇਆ ਚਲਾ ਗਿਆ, "ਓ ਪੜ ਦੀ, ਗੁੜਗੁੜ ਦੀ, ਅਨੇਕ੍ਸ ਦੀ, ਬੇਧਿਆਨਾ ਦੀ, ਮੂੰਗ ਦੀ ਦਾਲ ਓਫ ਦੀ ਪਾਕਿਸਤਾਨ ਐਁਡ ਹਿੰਦੂਸਤਾਨ ਓਫ ਦੀ ਦੁਰ-ਫਿੱਟੇ ਮੂੰਹ !"
ਤਬਾਦਲੇ ਦੀਆਂ ਤਿਆਰੀਆਂ ਪੂਰੀਆਂ ਹੋ ਚੁਕੀਆਂ ਸਨ। ਇੱਧਰ ਤੋਂ ਓੱਧਰ ਅਤੇ ਓੱਧਰ ਤੋਂ ਇੱਧਰ ਆਉਣ ਵਾਲੇ ਪਾਗਲਾਂ ਦੀਆਂ ਸੂਚੀਆਂ ਪਹੁੰਚ ਗਈਆਂ ਸਨ ਅਤੇ ਤਬਾਦਲੇ ਦਾ ਦਿਨ ਵੀ ਤਹਿ ਹੋ ਚੁਕਿਆ ਸੀ।
ਸੱਖਤ ਠੰਡ ਪੈ ਰਹੀ ਸੀ, ਜਦ ਲਾਹੋਰ ਦੇ ਪਾਗਲਖਾਣੇ ਤੋਂ ਹਿੰਦੂ-ਸਿੱਖ ਪਾਗਲਾਂ ਨਾਲ ਭਰੀਆਂ ਲਾਰੀਆਂ, ਪੁਲਿਸ ਦੇ ਰਖਿਅਕ ਦਸਤਿਆਂ ਨਾਲ, ਰਵਾਨਾ ਹੋਈਆਂ। ਸੰਬੰਧਤ ਅਫਸਰ ਵੀ ਨਾਲ ਆਏ ਸਨ। ਵਾਹਗੇ ਦੀ ਸਰਹੱਦ ਤੇ ਦੋਵਾਂ ਤਰਫ਼ ਦੇ ਸੁਪਰਿਟੇੰਡੇੰਟ ਇੱਕ-ਦੂਜੇ ਨੂੰ ਮਿਲੇ ਅਤੇ ਸ਼ੁਰੁਆਤੀ ਕਾਰਵਾਈ ਖਤਮ ਹੋਣ ਤੋਂ ਬਾਅਦ ਤਬਾਦਲਾ ਸ਼ੁਰੂ ਹੋ ਗਿਆ, ਜੋ ਰਾਤ ਭਰ ਚਲਦਾ ਰਿਹਾ।
ਪਾਗਲਾਂ ਨੂੰ ਲਾਰੀਆਂ ਵਿੱਚੋਂ ਕਢਣਾ ਅਤੇ ਓਹਨਾਂ ਨੂੰ ਦੂਜੇ ਅਫਸਰਾਂ ਦੇ ਹਵਾਲੇ ਕਰਨਾ ਬੜਾ ਔਖਾ ਕੰਮ ਸੀ। ਕਈ ਤਾਂ ਲਾਰੀਆਂ ਵਿਚੋਂ ਨਿਕੱਲਦੇ ਹੀ ਨਹੀਂ ਸਨ, ਤੇ ਜੋ ਨਿੱਕਲਣ ਨੂੰ ਰਜ਼ਾਮੰਦ ਹੁੰਦੇ ਸਨ, ਉਹਨਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਸੀ, ਕਿਓਂਕਿ, ਉਹ ਇੱਧਰ-ਉੱਧਰ ਭੱਜ ਖੜੇ ਹੁੰਦੇ ਸਨ। ਜੋ ਨੰਗੇ ਸਨ, ਉਹਨਾਂ ਨੂੰ ਕਪੜੇ ਪੁਆਏ ਜਾਂਦੇ ਤਾਂ ਓਹ ਉਹਨਾਂ ਨੂੰ ਪਾੜ ਕੇ ਤਨ ਤੋਂ ਵੱਖ ਕਰ ਦੇਂਦੇ। ਕੋਈ ਗਾਲਾਂ ਬਕ ਰਿਹਾ ਹੈ, ਕੋ ਗਾ ਰਹਿਆ ਹੈ, ਆਪਸ ਵਿਚ ਲੜ-ਝਗੜ ਰਹੇ ਹਨ, ਰੋ ਰਹੇ ਹਨ, ਬਿਲਖ ਰਹੇ ਹਨ। ਕੰਨੀ ਪੈਂਦੀ ਆਵਾਜ਼ ਸੁਨਾਈ ਨਹੀਂ ਦੇਂਦੀ ਸੀ। ਪਾਗਲ ਜਨਾਨੀਆਂ ਦਾ ਸ਼ੋਰ-ਗੁਲ ਵੱਖਰਾ ਸੀ ਤੇ ਠੰਡ ਇੰਨੀ ਕੜਾਕੇ ਦੀ ਕਿ ਦੰਦ ਵੱਜ ਰਹੇ ਸਨ।
ਪਾਗਲਾਂ ਦਾ ਬਹੁਮਤ ਇਸ ਤਬਾਦਲੇ ਦੇ ਹੱਕ ਵਿਚ ਨਹੀਂ ਸੀ। ਇਸ ਲਈ ਕਿ ਉਹਨਾਂ ਦੀ ਸਮਝ ਵਿਚ ਇਹ ਨਹੀਂ ਸੀ ਆ ਰਿਹਾ ਓਹਨਾਂ ਨੂੰ ਆਪਣੀ ਜਗਹ ਤੋਂ ਉਖਾੜ ਕੇ ਕਿੱਥੇ ਸੁੱਟਿਆ ਜਾ ਰਿਹਾ ਹੈ। ਓਹ ਕੁਝ ਜਣੇ ਜੋ ਸੋਚ ਸਮਝ ਸਕਦੇ ਸਨ, "ਪਾਕਿਸਤਾਨ ਜ਼ਿੰਦਾਬਾਦ", ਅਤੇ "ਪਾਕਿਸਤਾਨ ਮੁਰਦਾਬਾਦ" ਦੇ ਨਾਅਰੇ ਲਾ ਰਹੇ ਸਨ। ਦੋ-ਤਿੰਨ ਵਾਰ ਫ਼ਸਾਦ ਹੁੰਦੇ-ਹੁੰਦੇ ਬਚਿਆ, ਕਿਓਂਕਿ ਕੁਝ ਮੁਸਲਮਾਨ ਅਤੇ ਸਿੱਖਾਂ ਨੂੰ ਇਹ ਨਾਅਰੇ ਸੁਣ ਕੇ ਤੈਸ਼ ਆ ਗਿਆ ਸੀ।
ਜਦ ਬਿਸ਼ਨ ਸਿੰਘ ਦੀ ਵਾਰੀ ਆਈ ਅਤੇ ਵਾਹਗੇ ਦੇ ਉਸ ਪਾਰ ਸੰਬੰਦਤ ਅਫਸਰ ਉਸਦਾ ਨਾਮ ਰਜਿਸਟਰ ਵਿਚ ਦਰਜ ਕਰਣ ਲੱਗਾ ਤਾਂ ਉਸਨੇ ਪੁੱਛਿਆ, "ਟੋਭਾ ਟੇਕ ਸਿੰਘ ਕਿਥੇ ਹੈ? ਪਾਕਿਸਤਾਨ ਵਿੱਚ ਜਾਂ ਹਿੰਦੂਸਤਾਨ ਵਿੱਚ?"
ਅਫਸਰ ਹੱਸਿਆ, "ਪਾਕਿਸਤਾਨ ਵਿੱਚ।"
ਇਹ ਸੁਣਕੇ ਬਿਸ਼ਨ ਸਿੰਘ ਉੱਛਲ ਕੇ ਇੱਕ ਪਾਸੇ ਹੱਟ ਗਿਆ ਅਤੇ ਦੌੜ ਕੇ ਆਪਣੇ ਬਾਕੀ ਸਾਥੀਆਂ ਦੇ ਕੋਲ ਪਹੁੰਚ ਗਿਆ। ਪਾਕਿਸਤਾਨੀ ਸਿਪਾਹੀਆਂ ਨੇ ਉਸ ਨੂੰ ਫੜ੍ਹ ਲਿਆ ਅਤੇ ਦੂਜੇ ਪਾਸੇ ਲੈ ਜਾਣ ਲੱਗੇ। ਪਰ ਉਸਨੇ ਜਾਣ ਤੋਂ ਮਨਾਂ ਕਰ ਦਿੱਤਾ।
"ਟੋਭਾ ਟੇਕ ਸਿੰਘ ਇੱਥੇ ਹੈ।" ਅਤੇ ਜ਼ੋਰ-ਜ਼ੋਰ ਨਾਲ ਚਿੱਲਾਉਣ ਲੱਗਾ, "ਓ ਪੜ ਦੀ, ਗੁੜ ਗੁੜ ਦੀ, ਬੇਧਿਆਨਾ ਦੀ, ਮੂੰਗ ਦੀ ਦਾਲ ਓਫ ਟੋਭਾ ਟੇਕ ਸਿੰਘ ਐਁਡ ਪਾਕਿਸਤਾਨ !"
ਉਸਨੂੰ ਬਹੁਤ ਸਮਝਾਇਆ ਗਿਆ ਕਿ ਦੇਖੋ, ਹੁਣ ਟੋਭਾ ਟੇਕ ਸਿੰਘ ਹਿੰਦੂਸਤਾਨ ਵਿੱਚ ਚਲਾ ਗਿਆ ਹੈ। ਜੇ ਨਹੀਂ ਗਿਆ ਹੈ, ਤਾਂ ਉਸਨੂੰ ਫੌਰਨ ਓੱਥੇ ਭੇਜ ਦਿੱਤਾ ਜਾਵੇਗਾ, ਪਰ ਉਹ ਨਾ ਮੰਨਿਆ। ਜਦ ਉਸਨੂੰ ਜ਼ਬਰਦਸਤੀ ਦੂਜੀ ਤਰਫ਼ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਓਹ ਵਿੱਚਕਾਰ ਇੱਕ ਜਗਾਹ ਇਸ ਤਰ੍ਹਾਂ ਆਪਣੀ ਸੁੱਜੀਆਂ ਹੋਈਆਂ ਲੱਤਾਂ ਤੇ ਖੜਾ ਹੋ ਗਿਆ ਜਿਵੇਂ ਦੁਨੀਆਂ ਦੀ ਕੋਈ ਵੀ ਤਾਕਤ ਹੁਣ ਉਸਨੂੰ ਓਥੋਂ ਨਹੀਂ ਹਿਲਾ ਸਕਦੀ।
ਕਿਓਂਕਿ ਬੰਦਾ ਭੋਲਾ ਸੀ, ਇਸ ਲਈ ਜਿਆਦਾ ਜ਼ਬਰਦਸਤੀ ਨਾ ਕੀਤੀ ਗਈ। ਉਸਨੂੰ ਓੱਥੇ ਹੀ ਖੜਾ ਰਹਿਣ ਦਿੱਤਾ ਗਿਆ ਅਤੇ ਤਬਾਦਲੇ ਦਾ ਬਾਕੀ ਕੰਮ ਹੁੰਦਾ ਰਿਹਾ।
ਸੂਰਜ ਨਿਕਲਣ ਤੋਂ ਪਹਿਲਾਂ, ਅਹਿੱਲ ਤੇ ਅਡੋਲ ਖੜ੍ਹੇ ਬਿਸ਼ਨ ਸਿੰਘ ਦੇ ਸੰਘੋੰ ਇੱਕ ਗਗਨ ਚੀਰਦੀ ਚੀਕ ਨਿਕਲੀ। ਇੱਧਰ-ਉੱਧਰ ਦੇ ਕਈ ਅਫਸਰ ਦੌੜਦੇ ਹੋਏ ਆਏ ਅਤੇ ਵੇਖਿਆ ਕਿ ਉਹ ਆਦਮੀ, ਜੋ ਪੰਦਰਾਂ ਸਾਲਾਂ ਤਕ ਦਿਨ-ਰਾਤ ਆਪਣੀਆਂ ਲੱਤਾਂ ਤੇ ਖੜ੍ਹਾ ਰਿਹਾ ਸੀ, ਔੰਧੇ ਮੂੰਹ ਲੇਟਿਆ ਹੋਇਆ ਹੈ।
ਉੱਧਰ ਕਾਂਟੇਦਾਰ ਤਾਰਾਂ ਪਿੱਛੇ ਹਿੰਦੂਸਤਾਨ ਸੀ, ਇੱਧਰ ਇੱਦਾਂ ਦੀਆਂ ਹੀ ਤਾਰਾਂ ਪਿੱਛੇ ਪਾਕਿਸਤਾਨ ! ਵਿਚਕਾਰ, ਜ਼ਮੀਨ ਦੇ ਉਸ ਟੁਕੜੇ ਤੇ, ਜਿਸਦਾ ਕੋਈ ਨਾਮ ਨਹੀਂ ਸੀ, ਟੋਭਾ ਟੇਕ ਸਿੰਘ ਪਿਆ ਸੀ।
No comments:
Post a Comment