Friday, July 20, 2012

ਰੱਬਾ ਸੱਚਿਆ

ਰੱਬਾ ਸੱਚਿਆ ਤੂੰ ਤੇ ਆਖਿਆ ਸੀ,
ਜਾ ਓਏ ਬੰਦਿਆ ਜੱਗ ਦਾ ਸ਼ਾਹ ਹੈ ਤੂੰ,
ਸਾਡੀਆਂ ਨੈਮਤਾਂ ਤੇਰੀਆਂ ਦੌਲਤਾਂ ਨੇ,
ਸਾਡਾ ਨੈਬ ਤੇ ਆਲ਼ੀਜਾਹ਼ ਹੈ ਤੂੰ।

ਏਸ ਲਾਰੇ ਤੇ ਤੋਰ ਕਦ ਪੁੱਛਿਆ ਈ,
ਕੀ ਇਸ ਨਿਮਾਣੇ ਤੇ ਬੀਤੀਆਂ ਨੇ ?
ਕਦੀ ਸਾਰ ਵੀ ਲਈ ਓ ਰੱਬ ਸਾਈਂਆਂ,
ਤੇਰੇ ਸ਼ਾਹ ਨਾਲ ਜੱਗ ਕੀ ਕੀਤੀਆਂ ਨੇ?

ਕਿਤੇ ਧੌਂਸ ਪੁਲਸ ਸਰਕਾਰ ਦੀ ਏ,
ਕਿਤੇ ਧਾਂਦਲੀ ਪਟਵਾਰ ਦੀ ਏ,
ਐਂਵੇ ਹੱਡਾਂ ਚ ਕਲਪੇ ਜਾਨ ਮੇਰੀ,
ਜਿਵੇਂ ਫ਼ਾਹੀ ਚ ਕੂੰਜ ਕੁਰਲਾਂਵਦੀ ਏ।
ਚੰਗਾ ਸ਼ਾਹ ਬਨਾਇਆ ਈ ਰੱਬ ਸਾਈਂਆਂ,
ਪੋਲੇ ਖਾਂਦਿਆਂ ਵਾਰ ਨਾ ਆਂਵਦੀ ਏ।

ਮੈਨੂੰ ਸ਼ਾਹੀ ਨਹੀਂ ਚਾਹਿਦੀ ਰੱਬ ਮੇਰੇ,
ਮੈਂ ਤਾਂ ਇੱਜ਼ਤ ਦਾ ਟੁੱਕੜ ਮੰਗਣਾ ਹਾਂ।
ਮੈਨੂੰ ਤਾਂਘ ਨਹੀ ਮਹਿਲਾਂ-ਮੇੜਿਆਂ ਦੀ,
ਮੈਂ ਤਾਂ ਜੀਵਨ ਦੀ ਨੁੱਕਰ ਮੰਗਣਾ ਹਾਂ।

ਮੇਰੀ ਮੰਨੇ ਤੇ ਤੇਰੀਆਂ ਮੈਂ ਮੰਨਾਂ,
ਤੇਰੀ ਸੰਹੁ ਜੇ ਇੱਕ ਵੀ ਗੱਲ ਮੋੜਾਂ।
ਜੇ ਇਹ ਨਹੀਂ ਪੁੱਜਦੀ ਤਾਂ ਰੱਬ ਸਾਈਂਆਂ,
ਫੇਰ ਮੈਂ ਜਾਂਵਾ ਰੱਬ ਕੋਈ ਹੋਰ ਲੋੜਾਂ।

- ਫੈਜ਼ ਅਹਿਮਦ ਫੈਜ਼

No comments:

Post a Comment