Wednesday, March 21, 2012

ਕੁਝ ਕਿਹਾ ਤਾਂ

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,
ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ?

ਗੀਤ ਦੀ ਮੌਤ ਇਸ ਰਾਤ ਜੇ ਹੋ ਗਈ,
ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ?

ਇਸ ਅਦਾਲਤ ਚ ਬੰਦੇ ਬਿਰਖ਼ ਹੋ ਗਏ,
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ।

ਆਖੋ ਇਹਨਾਂ ਨੂੰ ਉੱਜੜੇ ਘਰੀਂ ਜਾਣ ਹੁਣ,
ਇਹ ਕਦੋਂ ਤੀਕ ਇੱਥੇ ਖੜ੍ਹੇ ਰਹਿਣਗੇ?

ਕੀ ਇਹ ਇਨਸਾਫ਼ ਹਉਮੈ ਦੇ ਪੁੱਤ ਕਰਨਗੇ,
ਕੀ ਇਹ ਖ਼ਾਮੋਸ਼ ਪੱਥਰ ਦੇ ਬੁੱਤ ਕਰਨਗੇ?

ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਲਹੀਂ,
ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ।

ਯਾਰ ਮੇਰੇ ਜੋ ਇਸ ਆਸ ਤੇ ਮਰ ਗਏ,
ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ,

ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਝ ਨਾ ਕਿਹਾ,
ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ।

ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ,
ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ,

ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ,
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ।

ਇਹ ਜੋ ਰੰਗਾਂ 'ਚ ਚਿਤਰੇ ਨੇ ਖੁਰ ਜਾਣਗੇ,
ਇਹ ਜੋ ਮਰਮਰ 'ਚ ਉਕਰੇ ਨੇ ਖੁਰ ਜਾਣਗੇ,

ਬਲਦੇ ਹੱਥਾਂ ਨੇ ਜੇਹਰੇ ਹਵਾ 'ਚ ਲਿਖੇ,
ਹਰਫ਼ ਉਹੀ ਹਮੇਸ਼ਾ ਲਿਖੇ ਰਹਿਣਗੇ।

ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ,
ਕੋਈ ਦੀਵਾ ਜਗੇਗਾ ਮੇਰੀ ਕਬਰ ਤੇ,

ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ,
ਸਭ ਘਰਾਂ ਵਿੱਚ ਵੀ ਦੀਵੇ ਬੁਝੇ ਰਹਿਣਗੇ?


- ਸੁਰਜੀਤ ਪਾਤਰ




ਜੇ ਤੁਸੀਂ ਸੰਗੀਤ ਪਸੰਦ ਕਰਦੇ ਹੋ, ਤਾਂ ਤੁਸੀਂ ਯੂਟਿਊਬ ਤੇ ਇਹ ਖੂਬਸੂਰਤ ਰਚਨਾ ਸੁਣ ਵੀ ਸਕਦੇ ਹੋ। ਪੂਰਾ ਸ਼ਰੇਅ ਸੰਗੀਤਕਾਰ ਤੇ ਗਾਇਕ ਨੂੰ ਜਾਂਦਾ ਹੈ। ਮੈਨੂੰ ਵਧੀਆ ਲੱਗੀ ਇਸ ਲਈ ਸਿਰਫ਼ ਇੱਥੇ ਸਾਂਝੀ ਕਰ ਰਿਹਾ ਹਾਂ।



Note for English Readers: You can read the transliteration here Hanera Jarega Kiven - Surjit Patar. Again, the entire credit goes to the original poster. I just found the link and am sharing it here, possibly for the benefit of the people who are at a disadvantage with the punjabi script.


No comments:

Post a Comment