ਅਗਸਤ, ੨੦੧੨
ਹਾਲੇ ਕੱਲ ਦੀ ਹੀ ਗੱਲ ਲਗਦੀ ਹੈ, ਕਿ ਮੈਂ ਆਪਣੇ ਹੋਸਟ੍ਲ ਦੇ ਕਮਰੇ 'ਚ ਬੈਠਾ ਆਸਾ ਸਿੰਘ ਮਸਤਾਨਾ ਦਾ "ਜਦੋਂ ਮੇਰੀ ਅਰਥੀ.." ਸੁਣ ਰਿਹਾ ਸੀ, ਤੇ ਆਉਣ ਵਾਲੇ ਕੱਲ ਨੂੰ ਅੱਧੀਆਂ ਖੁੱਲੀਆਂ ਅੱਖਾਂ ਨਾਲ ਓਸ ਉਨੀਂਦਰੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਫਿਰ ਜਦੋਂ ਸੋਚਾਂ ਦੀ ਲੜੀ ਟੁੱਟਦੀ ਹੈ, ਅਤੇ ਮੈਂ ਪਲਟ ਕੇ ਮੂਹਰੇ ਝਾਕਦਾ ਹਾਂ, ਤਾਂ ਆਪਣੇ ਆਪ ਨੂੰ ਬੀਤੇ ਵਰ੍ਹੇ ਦੇ ਪਰਛਾਂਵੇ ਹੇਠ ਖੜ੍ਹਾ ਪਾਂਦਾ ਹਾਂ।
ਅੱਜ ਮੈਂ ਭਾਵੇਂ ਕਿਸੇ ਨਵੇਂ ਸ਼ਹਿਰ ਦੇ ਕਿਸੇ ਨਵੇਂ ਕਮਰੇ 'ਚ ਬੈਠਾ ਹਾਂ, ਪਰ ਉਂਜ੍ਹ ਹੀ ਸਮੇਂ ਦੀਆਂ ਘੁੰਮਣ ਘੇਰੀਆਂ ਵਿੱਚ ਕਿਤੇ ਗੁਆਚਾ ਫਿਰਦਾ ਹਾਂ। ਇਹਨਾਂ ਅਣਗੌਲੇ ਰਾਹਾਂ ਵਿੱਚ ਭਟਕਦਾ ਮੈਂ ਕੱਲ ਦੀ ਉਡੀਕ ਕਰ ਰਿਹਾ ਸੀ ਜਦ ਆਸਾ ਸਿੰਘ ਮਸਤਾਨਾ ਦੇ "ਮਿੱਤਰਾਂ ਨੇ ਫੁੱਲ ਮਾਰਿਆ.." ਨੇ ਯਾਦਾਂ ਦੀ ਪੀਚੀ ਹੋਈ ਗੰਡ ਨੂੰ ਇੰਜ੍ਹ ਖੋਲ ਦਿੱਤਾ ਜਿਵੇਂ ਕਿਸੇ ਬੱਚੇ ਦੀ ਘੁੱਟ ਕੇ ਬੰਦ ਕੀਤੀ ਮੁੱਠੀ ਨੂੰ ਕਰਿਆਨੇ ਦੀ ਦੁਕਾਨ ਤੇ ਪਈ ਟਾੱਫ਼ੀਆਂ ਦੀ ਮਹਿਕ ਖੋਲ ਜਾਂਦੀ ਹੈ, ਤੇ ਉਸ 'ਚ ਬੰਦ ਯਾਦਾਂ ਦੀਆਂ ਧੇਲੀਆਂ-ਚੁਆਨੀਆਂ ਖਣ-ਖਣ ਕਰਦੀਆਂ ਜ਼ਿੰਦਗੀ ਦੇ ਗੱਲੇ 'ਚ ਜਾ ਸਿਮਟੀਆਂ।
ਕੁਝ ਅਧੂਰੇ ਖਿਆਲ਼ ਆਪਣੇ ਪੂਰਾ ਹੋਣ ਦਾ ਸੁਪਣਾ ਉਨ੍ਹਾਂ ਮੀਟੀਆਂ ਅੱਖਾਂ 'ਚ ਲੈ ਕੇ ਚੱਲੇ ਸਨ, ਪਰ ਲਗਦਾ ਹੈ ਕਿ ਉਹ ਨੀਂਦ ਹਾਲੇ ਟੁੱਟੀ ਨਹੀਂ।
ਕੁਝ ਸੁਆਲ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੇ ਜੁਆਬਾਂ ਤੋਂ ਵੀ ਓਨਾ ਹੀ ਡਰ ਲਗਦਾ ਹੈ, ਜਿਨ੍ਹਾ ਕਿ ਇਹਨਾਂ ਸੁਆਲਾਂ ਤਾਈਂ ਮੁੱਕ ਜਾਣ ਦੀ ਹਸਰਤ ਤੋਂ । ਜੀਂਕਣ ਇਹ ਸੁਆਲ ਕੱਲ ਤੇ ਕੱਲ ਦੇ ਫੇਰ ਨੂੰ ਸਿਰੇ ਤੋਂ ਨਕਾਰ ਪਰੇ ਕਰਦੇ ਨੇ, ਕਈ ਵਾਰ ਇਹ ਖਿਆਲ ਮੈਨੂੰ ਵਲੂੰਡਦਾ ਹੈ, ਕਿ ਮੈਨੂੰ ਜੀਵਨ ਦੇ ਫੇਰ 'ਚ ਬੰਨ੍ਹ ਕੇ ਰੱਖਣ ਵਾਲੇ ਇਹ ਸੁਆਲ ਆਪ ਇੰਨ੍ਹੇ ਆਜ਼ਾਦ ਕਿੰਞ ਹੋ ਸਕਦੇ ਨੇ ?
ਸੁਆਲਾਂ-ਜੁਆਬਾਂ 'ਚ ਉਲਝ ਕੇ ਇਹ ਭੁੱਲ ਜਾਣਾ ਬਹੁਤਾ ਔਖਾ ਨਹੀਂ ਕਿ ਅਸਲ 'ਚ ਜ਼ਿੰਦਗੀ ਖਿਆਲਾਂ 'ਚ ਨਹੀਂ, ਹਰਕਤ 'ਚ ਬਲਦੀ, ਧੁਖਦੀ ਤੇ ਪੱਕ ਹੁੰਦੀ ਹੈ । ਇਸ ਲੜੀਵਾਰ ਤੇ ਵਾਰ-ਵਾਰ 'ਚ ਬੱਝੇ ਸਾਡੇ ਦਿਨ ਤੇ ਰਾਤ, ਮਹੀਨੇ ਤੇ ਸਾਲ ਬਣ ਜਾਂਦੇ ਹਨ। ਇਸ ਪੱਕ ਦੀ ਨੀਂਹ ਉੱਤੇ ਪੈਂਦੀਆਂ ਮੰਜ਼ਲਾਂ ਦੀ ਗਿਣਤੀ ਇੰਨੀ ਵਿਸ਼ਾਲ ਹੋ ਜਾਂਦੀ ਹੈ ਕਿ ਉਨ੍ਹਾਂ ਦੀਆਂ ਪੌੜੀਆਂ ਚੜ੍ਹਦੇ-ਚੜ੍ਹਦੇ ਕਦੇ ਸੋਚਣ ਦਾ ਵੇਲਾ ਹੀ ਨਹੀਂ ਮਿਲਦਾ ਕਿ ਆਖਰ ਨੀਂਹ ਪਾਈ ਕਿਸ ਕਾਰਨ ਸੀ।
- ਇਹ ਹਰਫ਼ ਓਕੇਰੇਆਂ ਭਾਵੇਂ ਵਰ੍ਹੇ ਹੋ ਗਏ ਹਨ ਪਰ ਇਹਨਾ ਦੇ ਮਾਇਨੇ ਅੱਜ ਵੀ ਮੇਰੇ ਲਈ ਓਨੇ ਹੀ ਸਟੀਕ ਹਨ। ਇਹਨਾ ਨੂੰ ਦੁਨਿਆ ਮੂਹਰੇ ਹੈਸੀਅਤ ਦੇਣ ਦਾ ਜਿਗਰਾ ਸ਼ਾਯਦ ਅੱਜ ਹੀ ਹੋਇਆ ਹੈ।