- ਹੂ ਸ਼ੀ
ਕੀ ਤੁਸੀਂ ਜਾਣਦੇ ਹੋ ਕਿ ਚੀਨ ਦਾ ਸਭ ਤੋਂ ਮਸ਼ਹੂਰ ਵਿਅਕਤੀ ਕੌਣ ਹੈ?
ਇਸ ਬੰਦੇ ਦਾ ਨਾਮ ਦੇਸ਼ ਦੇ ਹਰ ਘਰ ਵਿੱਚ ਜਾਣਿਆ ਜਾਂਦਾ ਹੈ। ਇਹ ਭਗ ਪਰਿਵਾਰ ਵਿਚ ਪੈਦਾ ਹੋਏ ਅਤੇ ਇਹਨਾਂ ਨੂੰ ਨਾਮ ਦਿੱਤਾ ਗਿਆ ਲਗ। ਕੁਲ ਮਿਲਾ ਕੇ ਬਣਦਾ ਹੈ, ਸ਼੍ਰੀਮਾਨ ਲਗਭਗ ਜੀ। ਇਹ ਹਰ ਸੂਬੇ, ਹਰ ਜ਼ਿਲ੍ਹੇ ਅਤੇ ਹਰ ਪਿੰਡ ਦੇ ਜੱਦੀ ਮੂਲ ਹਨ। ਤੁਸੀਂ ਜ਼ਰੂਰ ਇਸ ਵਿਅਕਤੀ ਨੂੰ ਦੇਖਿਆ ਜਾਂ ਉਹਨਾਂ ਬਾਰੇ ਸੁਣਿਆ ਹੋਵੇਗਾ। ਇਹਨਾਂ ਦਾ ਨਾਮ ਹਮੇਸ਼ਾ ਲੋਕਾਂ ਦੀ ਜ਼ੁਬਾਨ ਤੇ ਰਹਿੰਦਾ ਹੈ, ਕਿਉਂਕਿ ਉਹ ਪੂਰੇ ਚੀਨ ਦੇਸ਼ ਦੇ ਪ੍ਰਤਿਨਿਧੀ ਹਨ।
ਸ਼੍ਰੀਮਾਨ ਲਗਭਗ ਜੀ ਦੇ ਨੈਣ ਨਕਸ਼ ਤੁਹਾਡੇ ਮੇਰੇ ਵਰਗੇ ਹੀ ਹਨ। ਇਹਨਾਂ ਦੀਆਂ ਦੋ ਅੱਖਾਂ ਹਨ, ਪਾਰ ਸਾਫ਼ ਦਿਖਾਈ ਨਹੀਂ ਦਿੰਦਾ। ਇਹਨਾਂ ਦੇ ਦੋ ਕੰਨ ਹਨ, ਪਰ ਚੰਗੀ ਤਰ੍ਹਾਂ ਸੁਣਾਈ ਵੀ ਨਹੀਂ ਦਿੰਦਾ। ਇਹਨਾਂ ਦੇ ਇਕ ਨੱਕ ਤੇ ਇਕ ਮੂੰਹ ਵੀ ਹੈ, ਪਰ ਕਿਸੇ ਸਵਾਦ ਜਾਂ ਗੰਧ ਦਾ ਧਿਆਨ ਨਹੀਂ ਆਉਂਦਾ। ਦਿਮਾਗ ਵੀ ਕੋਈ ਛੋਟਾ ਨਹੀਂ ਹੈ, ਪਰ ਬਹੁਤਾ ਚਲਦਾ ਨਹੀਂ, ਤੇ ਯਾਦ ਵੀ ਨਹੀਂ ਰਹਿੰਦਾ।
ਇਹਨਾਂ ਨੂੰ ਅਕਸਰ ਕਹਿੰਦੇ ਸੁਣਿਆ ਜਾ ਸਕਦਾ, "ਅਸੀਂ ਜੋ ਵੀ ਕਰਦੇ ਹਾਂ, ਲਗਭਗ ਠੀਕ ਹੀ ਕਰਦੇ ਹਾਂ। ਜ਼ਿਆਦਾ ਲਕੀਰ ਦੇ ਫ਼ਕੀਰ ਬਣ ਕੇ ਕੀ ਫਾਇਦਾ?"
ਇਕ ਦਿਨ, ਜਦੋਂ ਇਹ ਹਾਲੇ ਬੱਚੇ ਹੀ ਸਨ, ਇਹਨਾਂ ਦੀ ਮਾਂ ਨੇ ਇਹਨਾਂ ਨੂੰ ਬਾਹਰ ਗੁੜ੍ਹ ਲੈਣ ਭੇਜਿਆ, ਪਰ ਇਹ ਉਸ ਦੀ ਬਜਾਏ ਖੰਡ ਲੈ ਕਿ ਵਾਪਿਸ ਪਰਤ ਆਏ। ਜਦ ਮਾਂ ਨੇ ਇਹ ਦੇਖ ਕੇ ਝਿੜੱਕ ਲਗਾਈ, ਤਾਂ ਸਿਰ ਹਿਲਾ ਕੇ ਕਹਿਣ ਲੱਗੇ, "ਗੁੜ੍ਹ ਹੋਵੇ ਜਾਂ ਖੰਡ, ਦੋਵੇਂ ਲਗਭਗ ਇੱਕੋ ਹੀ ਨਹੀਂ ਹਨ?"
ਇੱਕ ਦਿਨ ਸਕੂਲ ਵਿੱਚ, ਅਧਿਆਪਕ ਸਾਹਿਬ ਨੇ ਪੁੱਛਿਆ, "ਹ-ਬੇਇ ਸੂਬੇ ਦੇ ਪੱਛਮ ਵਿੱਚ ਕਿਹੜਾ ਸੂਬਾ ਲੱਗਦਾ ਹੈ?" ਇਹਨਾਂ ਨੇ ਜਵਾਬ ਦਿੱਤਾ, "ਸ਼ੈਂਸੀ।" ਅਧਿਆਪਕ ਨੇ ਠੀਕ ਕਰਦਿਆਂ ਹੋਇਆਂ ਕਿਹਾ, "ਤੁਸੀਂ ਗ਼ਲਤ ਹੋ। ਇਹ ਸ਼ਾਨ-ਸ਼ੀ ਹੈ, ਸ਼ੈਂਸੀ ਨਹੀਂ। " ਇਹਨਾਂ ਨੇ ਜਵਾਬ ਦਿੱਤਾ, "ਸ਼ੈਂਸੀ ਹੋਵੇ ਜਾਂ ਸ਼ਾਨ-ਸ਼ੀ, ਦੋਵੇਂ ਲੱਗਭਗ ਇੱਕੋ ਹੀ ਨਹੀਂ ਹਨ?"
ਬਾਅਦ ਵਿੱਚ ਸ਼੍ਰੀਮਾਨ ਲੱਗਭਗ ਜੀ ਨੂੰ ਇੱਕ ਆੜ੍ਹਤੀਏ ਕੋਲ ਨੌਕਰੀ ਮਿਲ ਗਈ। ਲਿੱਖ ਤੇ ਗਿਣ ਤੇ ਇਹ ਲੈਂਦੇ ਸਨ, ਪਰ ਹਿਸਾਬ ਵਿਚ ਉਨ੍ਹੀ-ਇੱਕੀ ਕਰ ਜਾਂਦੇ ਸਨ। ਬਹੁਤੀ ਵਾਰੀ ਚੀਨੀ ਅੱਖਰਾਂ ਵਿੱਚ ਦਸ (十) ਦਾ ਹਜ਼ਾਰ (千) ਬਣਾ ਦਿੰਦੇ ਸਨ।
ਕਈ ਵਾਰ ਮਹਾਜਨ ਤੋਂ ਗੁੱਸੇ ਵਿੱਚ ਗਾਲ੍ਹਾਂ ਵੀ ਖਾਧੀਆਂ, ਪਰ ਇਹ ਅਕਸਰ ਮੁਸਕੁਰਾ ਕੇ ਹੀ ਜਵਾਬ ਦਿੰਦੇ ਸਨ, "ਹਜ਼ਾਰ (千) ਵਿੱਚ ਦਸ (十) ਨਾਲੋਂ ਇਕ ਹੀ ਤਾਂ ਡੰਡੀ ਵੱਧ ਹੈ, ਦੋਵੇਂ ਲਗਭਗ ਇੱਕੋ ਹੀ ਨਹੀਂ ਹਨ?"
ਇੱਕ ਵਾਰੀ ਕਿਸੇ ਜ਼ਰੂਰੀ ਕੰਮ ਤੋਂ ਇੰਨਾਂ ਨੂੰ ਸ਼ੰਘਈ ਜਾਣਾ ਪੈ ਗਿਆ। ਅਰਾਮ ਅਰਾਮ ਨਾਲ ਸਟੇਸ਼ਨ ਪਹੁੰਚੇ, ਤਾਂ ਗੱਡੀ ਤਾਂ ਦੋ ਮਿੰਟ ਪਹਿਲਾਂ ਹੀ ਰਵਾਨਾ ਹੋ ਚੁਕੀ ਸੀ। ਅੱਡਿਆਂ ਅੱਖਾਂ ਨਾਲ ਫਰਲ-ਫਰਲ ਕਰ ਕੇ ਜਾਂਦੀ ਗੱਡੀ ਵਿੱਚੋਂ ਨਿਕਲਦਾ ਧੂੰਆਂ ਦੇਖਿਆ, ਤੇ ਸਿਰ ਹਿਲਾਉਂਦੇ ਹੋਏ ਕਹਿਣ ਲੱਗੇ, "ਮੈਨੂੰ ਹੁਣ ਕੱਲ ਜਾਣਾ ਪਏਗਾ। ਵੈਸੇ ਕੱਲ ਜਾਵੋ ਜਾਂ ਅੱਜ ਲਗਭਗ ਇੱਕੋ ਹੀ ਗੱਲ ਹੈ। ਇਹ ਰੇਲ ਵਾਲੇ ਐਵੇਂ ਬਹੁਤੇ ਪਾਬੰਦ ਨੇ। ਗੱਡੀ ਅੱਠ ਤੀਹ ਤੇ ਜਾਵੇ, ਜਾਂ ਅੱਠ ਬੱਤੀ ਤੇ ਲਗਭਗ ਇੱਕੋ ਹੀ ਗੱਲ ਨਹੀਂ?" ਇਹ ਕਹਿੰਦੇ ਕਹਿੰਦੇ, ਹੌਲੀ ਹੌਲੀ ਕਦਮਾਂ ਨਾਲ ਉਹ ਘਰ ਪਰਤ ਗਏ, ਇਹੀ ਸੋਚਦਿਆਂ ਹੋਇਆਂ ਕਿ ਕਿਓਂ ਗੱਡੀ ਉਹਨਾਂ ਲਈ ਦੋ ਮਿੰਟ ਵੀ ਨਹੀਂ ਸੀ ਰੁੱਕ ਸਕਦੀ।
ਇੱਕ ਦਿਨ ਉਹ ਅਚਾਣਕ ਬੀਮਾਰ ਪੈ ਗਏ। ਇੱਕ ਬੰਦੇ ਨੂੰ ਚੜ੍ਹਦੀ ਗਲੀ ਵਿਚੋਂ ਹਕੀਮ ਵਆਂਗ ਨੂੰ ਲੈ ਕੇ ਆਉਣ ਲਈ ਕਿਹਾ। ਬੰਦਾ ਭੱਜਦਾ ਹੋਇਆ ਗਿਆ ਪਰ ਉਸਨੂੰ ਚੜ੍ਹਦੀ ਗਲੀ ਵਿੱਚ ਹਕੀਮ ਨਾ ਲੱਭਾ। ਇਸ ਲ਼ਈ ਉਹ ਇਸ ਦੀ ਬਜਾਏ ਲਹਿੰਦੀ ਗਲੀ ਵਿੱਚੋਂ ਡੰਗਰਾਂ ਦੇ ਹਕੀਮ ਵਹਾਂਗ ਨੂੰ ਲੈ ਆਇਆ। ਬਿਸਤਰ ਤੇ ਪਏ, ਸ਼੍ਰੀਮਾਨ ਲਗਭਗ ਜੀ ਨੂੰ ਪਤਾ ਤਾਂ ਲੱਗ ਗਿਆ ਸੀ, ਕਿ ਬੰਦਾ ਗ਼ਲਤ ਹਕੀਮ ਲੈ ਆਇਆ ਹੈ। ਪਰ ਦਰਦ ਤੇ ਚਿੰਤਾ ਦੇ ਮਾਰੇ, ਹੋਰ ਇੰਤਜ਼ਾਰ ਨਹੀਂ ਸਨ ਕਰ ਸਕਦੇ।
ਦਿੱਲ ਵਿੱਚ ਸੋਚਿਆ, "ਚਲੋ ਕੁਦਰਤੀ, ਹਕੀਮ ਵਆਂਗ ਤੇ ਵਹਾਂਗ ਲਗਭਗ ਇੱਕੋ ਹੀ ਨੇਂ। ਇਸ ਨੂੰ ਹੀ ਕੋਸ਼ਿਸ਼ ਕਰ ਲੈਣ ਦਿੰਦੇ ਹਾਂ।" ਇਸ ਤਰ੍ਹਾਂ ਡੰਗਰਾਂ ਦੇ ਹਕੀਮ ਵਹਾਂਗ ਨੇ ਬਲਦਾਂ ਵਾਂਕਨ ਇਹਨਾਂ ਦਾ ਵੀ ਇਲਾਜ ਸ਼ੁਰੂ ਕਰ ਦਿੱਤਾ। ਘੰਟੇ ਭਰ ਵਿੱਚ, ਸ਼੍ਰੀਮਾਨ ਲਗਭਗ ਜੀ ਰੱਬ ਨੂੰ ਨਿਆਰੇ ਹੋ ਗਏ।
ਜਦੋਂ ਸ਼੍ਰੀਮਾਨ ਲਗਭਗ ਜੀ ਆਪਣੇ ਆਖ਼ਰੀ ਸਾਹ ਲੈ ਰਹੇ ਸਨ, ਤਾਂ ਅਟਕ-ਅਟਕ ਕੇ ਉਹਨਾਂ ਨੇ ਇਹ ਕਿਹਾ, "ਜਿਉਂਦੇ ਤੇ ਮੁਰਦੇ..ਵੀ ਲਗ.. ਭਗ ਇੱਕੋ.. ਜਿਹੇ ਹੀ ਹੁੰਦੇ ਹਨ। ਹਰ... ਕੰਮ.. ਵਿੱਚ.. ਲਗ.. ਭਗ.. ਠੀਕ.. ਹੀ.. ਹੋਣਾ.. ਚਾਹੀਦਾ ਹੈ। ਐਵੇਂ ਬਹੁਤੇ ਲਕੀਰ.. ਦੇ ਫ਼ਕੀਰ.. ਬਣ ਕੇ ਕੀ.. ਫਾ..ਇਦਾ?" ਇੰਨਾ ਕਹਿ ਕੇ, ਉਹਨਾਂ ਨੇ ਆਪਣੀ ਆਖਰੀ ਸਾਹ ਭਰ ਲਈ।
ਉਹਨਾਂ ਦੀ ਮੌਤ ਤੋਂ ਬਾਅਦ, ਹਰ ਕਿਸੇ ਨੇਂ ਸ਼੍ਰੀਮਾਨ ਲਗਭਗ ਜੀ ਦੇ ਚੀਜ਼ਾਂ ਪ੍ਰਤੀ ਨਜ਼ਰੀਏ ਅਤੇ ਜ਼ਿੰਦਗੀ ਦੇ ਫ਼ਲਸਫ਼ੇ ਦੀ ਬਹੁਤ ਤਾਰੀਫ਼ ਕੀਤੀ। ਉਹਨਾਂ ਕਿਹਾ ਕਿ ਇਸ ਇਨਸਾਨ ਨੇ ਆਪਣੀ ਪੂਰੀ ਜ਼ਿੰਦਗੀ ਕਿਸੇ ਚੀਜ਼ ਨੂੰ ਗੰਭੀਰਤਾ ਨਾਲ ਲੈਣ ਤੋਂ ਇਨਕਾਰ ਕਰ ਦਿੱਤਾ, ਅਤੇ ਉਹ ਕਦੇ ਵੀ ਨਿਜੀ ਸਵਾਰਥ ਲਈ ਮਾਪ ਤੋਲ, ਜਾਂ ਬੇਲੋੜੀ ਮੰਗ ਨਹੀਂ ਸਨ ਕਰਦੇ। ਸੋ ਉਹਨਾਂ ਨੂੰ ਇੱਕ ਬਹੁਤ ਹੀ ਨੇਕ ਇਨਸਾਨ ਮੰਨਿਆ ਗਿਆ ਅਤੇ ਉਹਨਾਂ ਨੂੰ ਦੇਹਾਂਤ ਮਗਰੋਂ ਇੱਕ ਸੰਤ ਦੀ ਉਪਾਧੀ ਦਿੱਤੀ ਗਈ, ਅਤੇ ਲੋਕ ਉਹਨਾਂ ਨੂੰ ਬਾਬਾ ਚਲਦਾ-ਹੈ ਦੇ ਨਾਮ ਨਾਲ ਜਾਨਣ ਲੱਗੇ।
ਉਹਨਾਂ ਦੀ ਪ੍ਰਿਸਿੱਧੀ ਦੂਰ-ਦਰਾਜ਼ ਤੱਕ ਫੈਲ ਗਈ, ਅਤੇ ਜਿੰਨਾਂ ਉਹਨਾਂ ਦਾ ਨਾਮ ਫੈਲਿਆ, ਉਹ ਉੱਨੇ ਹੀ ਹੋਰ ਮੰਨੇ ਜਾਣ ਲੱਗੇ। ਇਸ ਕਰਕੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਣਾ ਸ਼ੁਰੂ ਕਰ ਦਿੱਤਾ। ਇਸ ਦੇ ਨਤੀਜੇ ਵੱਲੋਂ, ਹਰ ਕੋਈ ਸ਼੍ਰੀਮਾਨ ਲਗਭਗ ਬਣ ਗਿਆ। ਇੱਦਾਂ ਕਰਦੇ ਕਰਦੇ, ਆਖਿਰ ਉਸ ਸਮੇਂ ਤੋਂ ਚੀਨ ਵੇਹਲਿਆਂ ਦਾ ਦੇਸ਼ ਬਣ ਗਿਆ।
No comments:
Post a Comment